ਵਿਜੀਲੈਂਸ ਬਿਊਰੋ ਵੱਲੋਂ ਜਾਇਦਾਦ ਰਜਿਸਟਰੀ ਘੁਟਾਲੇ ‘ਚ ਮਾਲੀਆ ਅਧਿਕਾਰੀਆਂ ਅਤੇ ਏਜੰਟਾਂ ਦੇ ਗੱਠਜੋੜ ਦਾ ਪਰਦਾਫਾਸ਼

ਪੰਜਾਬ

ਚੰਡੀਗੜ੍ਹ 6 ਅਗਸਤ : ਦੇਸ਼ ਕਲਿੱਕ ਬਿਓਰੋ

ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਅੱਜ ਸਵਿੰਦਰ ਸਿੰਘ ਰਜਿਸਟਰੀ ਕਲਰਕ ਭਿਖੀਵਿੰਡ ਜ਼ਿਲ੍ਹਾ ਤਰਨਤਾਰਨ ਅਤੇ ਮਲਕੀਤ ਸਿੰਘ ਡੀਡ ਰਾਈਟਰ ਭਿਖੀਵਿੰਡ ਜ਼ਿਲ੍ਹਾ ਤਰਨਤਾਰਨ ਨੂੰ 37000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ।

ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਗੁਰਭੇਜ ਸਿੰਘ ਵਾਸੀ ਪਿੰਡ ਭਿਖੀਵਿੰਡ ਜ਼ਿਲ੍ਹਾ ਤਰਨਤਾਰਨ ਤੋਂ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਗੁਰਭੇਜ ਸਿੰਘ ਨੇ ਦੱਸਿਆ ਕਿ ਉਸਦੀ ਜੱਦੀ ਜ਼ਮੀਨ ਦੀ ਵੰਡ ਦੌਰਾਨ ਉਸਦੀ 2 ਕਨਾਲ ਅਤੇ 2 ਮਰਲੇ ਵਾਹੀਯੋਗ ਜ਼ਮੀਨ ਗਲਤੀ ਨਾਲ ਉਸਦੇ ਰਿਸ਼ਤੇਦਾਰਾਂ ਨੂੰ ਤਬਦੀਲ ਕਰ ਦਿੱਤੀ ਗਈ ਸੀ। ਉਸਨੇ ਅਪ੍ਰੈਲ 2025 ਵਿੱਚ ਸਰਕਾਰੀ ਖਜ਼ਾਨੇ ਵਿੱਚ ਫੀਸਾਂ ਦੀ ਅਦਾਇਗੀ ਸਮੇਤ ਸਾਰੀਆਂ ਜ਼ਰੂਰੀ ਰਸਮਾਂ ਪੂਰੀਆਂ ਕਰ ਲਈਆਂ ਸਨ।

ਸਾਰੀਆਂ ਲੋੜੀਂਦੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਅਤੇ ਜ਼ਰੂਰੀ ਸਟੈਂਪ ਪੇਪਰ ਪ੍ਰਾਪਤ ਕਰਨ ਦੇ ਬਾਵਜੂਦ, ਉਹ ਆਪਣੀ ਜ਼ਮੀਨ ਦੀ ਰਜਿਸਟਰੀ  ਕਰਵਾਉਣ ਵਿੱਚ ਅਸਫਲ ਰਿਹਾ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ’ਤੇ ਕਰਵਾਉਣ ਲਈ ਉਸਨੇ ਮਲਕੀਤ ਸਿੰਘ ਡੀਡ ਰਾਈਟਰ ਭਿਖੀਵਿੰਡ ਜ਼ਿਲ੍ਹਾ ਤਰਨਤਾਰਨ ਨਾਲ ਸੰਪਰਕ ਕੀਤਾ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਮਲਕੀਤ ਸਿੰਘ ਨੇ ਜਾਣਬੁੱਝ ਕੇ ਉਕਤ ਰਜਿਸਟਰੀ ਲਈ ਤਹਿਸੀਲਦਾਰ ਭਿਖੀਵਿੰਡ ਤੋਂ ਉਸਦੀ 24.04.2025 ਦੀ ਅਪਾਇੰਟਮੈਂਟ ਰੱਦ ਕਰਵਾਈ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਰਜਿਸਟਰੀ ਕਲਰਕ ਸਵਿੰਦਰ ਸਿੰਘ ਉਸਦੇ ਕੇਸ ਦੀ ਪ੍ਰਕਿਰਿਆ ਲਈ 32,000 ਰੁਪਏ ਰਿਸ਼ਵਤ ਮੰਗ ਰਿਹਾ ਸੀ। ਸ਼ਿਕਾਇਤਕਰਤਾ ਆਪਣੇ ਜਾਇਜ਼ ਕੰਮ ਲਈ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਇਸ ਲਈ, ਵਿਜੀਲੈਂਸ ਬਿਊਰੋ ਵੱਲੋਂ ਅਜਿਹੇ ਭ੍ਰਿਸ਼ਟ ਅਧਿਕਾਰੀ ਨੂੰ ਕਾਬੂ ਕਰਨ ਲਈ, ਸ਼ਿਕਾਇਤਕਰਤਾ ਗੁਰਭੇਜ ਸਿੰਘ ਨੇ ਇਸ ਮਾਮਲੇ ਦੀ ਰਿਪੋਰਟ ਡੀਐਸਪੀ ਵੀ.ਬੀ. ਯੂਨਿਟ ਤਰਨਤਾਰਨ ਨੂੰ ਦਿੱਤੀ।

ਸ਼ਿਕਾਇਤਕਰਤਾ ਦਾ ਬਿਆਨ ਵਿਜੀਲੈਂਸ ਬਿਊਰੋ, ਯੂਨਿਟ ਤਰਨਤਾਰਨ ਵਿਖੇ ਦਰਜ ਕੀਤਾ ਗਿਆ । ਇਸ ਤੋਂ ਬਾਅਦ ਦੋਸ਼ੀ ਨੂੰ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ 37,000 ਰੁਪਏ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ ਗਿਆ ਅਤੇ ਉਕਤ ਦੋਸ਼ੀ ਵਿਰੁੱਧ ਪੀ.ਸੀ. ਕਾਨੂੰਨ 1988 ਦੀ ਧਾਰਾ 7,7-ਏ ਤਹਿਤ ਪੁਲਿਸ ਥਾਣਾ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿੱਚ ਪੀ.ਸੀ. (ਸੋਧ) ਕਾਨੂੰਨ ਦੁਆਰਾ ਐਫ.ਆਈ.ਆਰ. ਦਰਜ ਕਰ ਲਈ ਗਈ।  ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਦੋਸ਼ੀਆਂ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।