ਸ੍ਰੀ ਚਮਕੌਰ ਸਾਹਿਬ, 7 ਅਗਸਤ, ਦੇਸ਼ ਕਲਿੱਕ ਬਿਓਰੋ :
ਮਹਿਲਾ ਪੱਤਰਕਾਰ ਨੂੰ ਅਪਸ਼ਬਦ ਬੋਲਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਹੋਣ ਦੇ ਬਾਵਜੂਦ ਗ੍ਰਿਫਤਾਰ ਨਾ ਕਰਨ ਵਿਰੁੱਧ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਪੁਲਿਸ ਥਾਣਾ ਸ੍ਰੀ ਚਮਕੌਰ ਸਾਹਿਬ ਅੱਗੇ ਧਰਨਾ ਦਿੱਤਾ ਗਿਆ। ਬਸਪਾ ਵੱਲੋਂ ਅੱਜ ਨਰਿੰਦਰ ਸਿੰਘ ਬਡਵਾਲੀ ਜ਼ਿਲ੍ਹਾ ਜਨਰਲ ਸਕੱਤਰ ਰੋਪੜ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਦਲਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਮਹਿਲਾ ਪੱਤਰਕਾਰ ਮਨਪ੍ਰੀਤ ਕੌਰ ਨੂੰ ਅਪਸ਼ਬਦ ਬੋਲਣ ਵਾਲਾ ਸ਼ਰ੍ਹੇਆਮ ਖੁੱਲ੍ਹਾ ਘੁੰਮ ਰਿਹਾ ਹੈ। ਮਾਮਲਾ ਦਰਜ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਮੁਲਜ਼ਮ ਇਕਬਾਲ ਯੂਟਿਊਬਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਨਨਹੇੜੀਆਂ ਨੇ ਕਿਹਾ ਕਿ ਮੁਲਜ਼ਮ ਨੂੰ ਪੁਲਿਸ ਪ੍ਰਸ਼ਾਸਨ ਤੇ ਰਾਜਨੀਤਿਕ ਆਗੂਆਂ ਦੀ ਸਹਿ ਹੈ, ਇਸ ਲਈ ਪੁਲਿਸ ਗ੍ਰਿਫਤਾਰ ਨਹੀਂ ਕਰ ਰਹੀ। ਮੁਲਜ਼ਮ ਦੇ ਮਾਤਾ ਪਿਤਾ ਵੀ ਧਰਨੇ ਵਿੱਚ ਸ਼ਾਮਲ ਹੋਏ। ਮੁਲਜ਼ਮ ਦੇ ਪਿਤਾ ਜਸਵੀਰ ਸਿੰਘ ਤੇ ਮਾਤਾ ਨੇ ਵੀ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਸੀਂ ਆਪਣੇ ਪੁੱਤਰ ਤੋਂ ਬਹੁਤ ਦੁਖੀ ਆਂ ਇਸ ਨੂੰ ਤੁਰੰਤ ਜੇਲ੍ਹ ਦੀਆਂ ਸਲਾਖਾਂ ਅੰਦਰ ਬੰਦ ਕਰਨਾ ਚਾਹੀਦਾ ਹੈ। ਸ੍ਰੀ ਨਨਹੇੜੀਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਦੋ ਦਿਨਾਂ ’ਚ ਦੋਸ਼ੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਬਹੁਜਨ ਸਮਾਜ ਪਾਰਟੀ ਵੱਲੋਂ 11 ਤਰੀਕ ਨੂੰ ਐੱਸ ਐੱਸ ਪੀ ਦਫਤਰ ਰੂਪ ਨਗਰ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ।
ਧਰਨੇ ਨੂੰ ਬਸਪਾ ਆਗੂਆਂ ਨਰਿੰਦਰ ਸਿੰਘ ਬਡਵਾਲੀ, ਜਸਵਿੰਦਰ ਸਿੰਘ ਛਿਬਰ,ਕੈਪਟਨ ਗੁਰਮੇਲ ਸਿੰਘ, ਗੁਰਦੀਪ ਸਿੰਘ, ਜਸਵੰਤ ਸਿੰਘ ਬਹਿਰਾਮਪੁਰ ਤੋਂ ਇਲਾਵਾ ਗੁਰਨਾਮ ਸਿੰਘ ਪਿੱਪਲ ਮਾਜਰਾ ਹਲਕਾ ਪ੍ਰਧਾਨ, ਗੁਰਦੀਪ ਸਿੰਘ ਯੂਥ ਕਨਵੀਨਰ, ਜਸਵਿੰਦਰ ਸਿੰਘ ਛਿੱਬਰ, ਹਰਮੇਸ ਸਿੰਘ ਖਜਾਨਚੀ,ਕੈਪਟਨ ਗੁਰਮੇਲ ਸਿੰਘ ਗੁਰਦੀਪ ਸਿੰਘ,ਦਰਸਨ ਸਿੰਘ, ਗੁਰਨਾਮ ਸਿੰਘ ,ਅਮਰੀਕ ਸਿੰਘ ਖੇੜੀ, ਨਿਰਮਲ ਸਿੰਘ ਅਰਨੌਲੀ, ਰਘਬੀਰ ਸਿੰਘ ਢੋਲਣ ਮਾਜਰਾ ਗਿਆਨੀ ਹਰਜੀਤ ਸਿੰਘ ਖਾਲਸਾ, ਸੁਰਜੀਤ ਰਾਮ ਲੱਖੇਵਾਲ,ਕੇਸਰ ਸਿੰਘ ਮੋਰਿੰਡਾ, ਰਾਮਲੋਕ,ਮਨਜੀਤ ਸਿੰਘ ਕਕਰਾਲੀ, ਕਰਨੈਲ ਸਿੰਘ ਆਦਿ ਆਗੂ ਹਾਜਰ ਸਨ। ਇਨਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਆਗੂ ਡਾਕਟਰ ਜਤਿੰਦਰ ਸਿੰਘ ਨਨੂਆ, ਗੁਰਪ੍ਰੀਤ ਸਿੰਘ ਭੂਰੜੇ, ਗੁਰਦਰਸ਼ਨ ਸਿੰਘ ਢੋਲਣ ਮਾਜਰਾ ਤੇ ਸਮਾਜ ਸੇਵਕ ਮੈਡਮ ਦਲਜੀਤ ਕੌਰ ਨੇ ਵੀ ਸੰਬੋਧਨ ਕੀਤਾ।