ਸਾਰੀਆਂ ਦਵਾਈਆਂ ਮੁਫ਼ਤ, ਮਰੀਜ਼ਾਂ ਨੂੰ ਪੈਸੇ ਖ਼ਰਚਣ ਦੀ ਲੋੜ ਨਹੀਂ : ਡਾ. ਸੰਗੀਤਾ ਜੈਨ
ਖਰੜ, 7 ਅਗਸਤ : ਦੇਸ਼ ਕਲਿੱਕ ਬਿਓਰੋ
ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਸਥਾਨਕ ਸਬ—ਡਵੀਜ਼ਨਲ ਹਸਪਤਾਲ ਦੇ ਬਾਹਰ ਦਵਾਈ ਦੀਆਂ ਦੁਕਾਨਾਂ ਤੇ ਅਚਨਚੇਤ ਜਾ ਕੇ ਮਰੀਜ਼ਾਂ ਦੀਆਂ ਓ.ਪੀ.ਡੀ. ਪਰਚੀਆਂ ਚੈੱਕ ਕੀਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਸੰਗੀਤਾ ਜੈਨ ਨੇ ਦਸਿਆ ਕਿ ਚੈਕਿੰਗ ਦਾ ਮੰਤਵ ਇਹ ਵੇਖਣਾ ਸੀ ਕਿ ਹਸਪਤਾਲ ਦੇ ਡਾਕਟਰਾਂ ਦੁਆਰਾ ਬਾਹਰੀ ਦਵਾਈਆਂ ਤਾਂ ਨਹੀਂ ਲਿਖੀਆਂ ਜਾ ਰਹੀਆਂ? ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਜਿ਼ਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਬਾਹਰ ਪੈਂਦੀਆਂ ਦਵਾਈ ਦੀਆਂ ਦੁਕਾਨਾਂ ਤੇ ਜਾ ਕੇ ਓ.ਪੀ.ਡੀ. ਸਲਿੱਪਾਂ ਚੈੱਕ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਮਰੀਜ਼ਾਂ ਨੂੰ ਨਿੱਜੀ ਕੈਮਿਸਟ ਦੁਕਾਨਾਂ ਤੋਂ ਪੈਸੇ ਖ਼ਰਚ ਕੇ ਦਵਾਈਆਂ ਨਾ ਖ਼ਰੀਦਣੀਆਂ ਪੈਣ।ਇਸੇ ਦੌਰਾਨ ਉਨ੍ਹਾਂ ਹਸਪਤਾਲ ਦੀ ਫ਼ਾਰਮੇਸੀ ਦੇ ਬਾਹਰ ਵੀ ਮਰੀਜ਼ਾਂ ਦੀਆਂ ਪਰਚੀਆਂ ਵੇਖੀਆਂ।ਸਿਵਲ ਸਰਜਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਯੋਜਨਾ ਮੁਤਾਬਕ ਮਰੀਜ਼ ਨੂੰ ਹਰ ਦਵਾਈ ਸਰਕਾਰੀ ਸਿਹਤ ਸੰਸਥਾ ਦੀ ਫ਼ਾਰਮੇਸੀ ਵਿਚੋਂ ਹੀ ਬਿਲਕੁਲ ਮੁ਼ਫ਼ਤ ਦਿਤੀ ਜਾ ਰਹੀ ਹੈ। ਜੇ ਸਰਕਾਰੀ ਡਾਕਟਰ ਦੁਆਰਾ ਲਿਖੀ ਕੋਈ ਦਵਾਈ ਪ੍ਰਾਈਵੇਟ ਕੈਮਿਸਟ ਤੋਂ ਖ਼ਰੀਦਣ ਦੀ ਲੋੜ ਹੈ ਤਾਂ ਸੰਸਥਾ ਦੇ ਇੰਚਾਰਜ ਦੀ ਜਿ਼ੰਮੇਵਾਰੀ ਹੈ ਕਿ ਉਹ ਸਬੰਧਤ ਦਵਾਈ ਮਰੀਜ਼ ਨੂੰ ਖ਼ਰੀਦ ਕੇ ਦੇਵੇ ਅਤੇ ਪੈਸਿਆਂ ਦੀ ਅਦਾਇਗੀ ਖ਼ੁਦ ਕਰੇ ਕਿਉਂਕਿ ਇਸ ਵਾਸਤੇ ਸਰਕਾਰ ਵਲੋਂ ਬਾਕਾਇਦਾ ਫ਼ੰਡ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਰਕਾਰੀ ਸਿਹਤ ਸੰਸਥਾ ਵਿਚ ਜ਼ਰੂਰੀ ਤੇ ਐਮਰਜੈਂਸੀ ਦਵਾਈਆਂ ਦੀ ਕੋਈ ਘਾਟ ਨਹੀਂ, ਇਸ ਲਈ ਮਰੀਜ਼ ਨੂੰ ਹਰ ਦਵਾਈ ਸਿਹਤ ਸੰਸਥਾ ਦੇ ਅੰਦਰੋਂ ਹੀ ਮਿਲਣੀ ਚਾਹੀਦੀ ਹੈ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਹਰ ਸਰਕਾਰੀ ਸਿਹਤ ਸੰਸਥਾ ਵਿਚ ਉਪਲਭਧ ਦਵਾਈਆਂ ਦੀ ਗਿਣਤੀ ਤੈਅ ਕੀਤੀ ਗਈ ਹੈ ਜਿਸ ਮੁਤਾਬਕ ਈ.ਡੀ.ਐਲ. ਦਵਾਈਆਂ 360 ਅਤੇ ਗ਼ੈਰ ਈ.ਡੀ.ਐਲ. ਦਵਾਈਆਂ 261 ਹਨ। ਇਹ ਸਾਰੀਆਂ ਦਵਾਈਆਂ ਹਰ ਸਿਹਤ ਸੰਸਥਾ ਵਿਚ ਉਪਲਭਧ ਹਨ।ਉਨ੍ਹਾਂ ਬਾਅਦ ਵਿਚ ਹਸਪਤਾਲ ਦੇ ਐਸ.ਐਮ.ਓ. ਡਾ. ਰਾਜੇਸ਼ ਕੁਮਾਰ ਅਤੇ ਮੈਡੀਕਲ ਅਫ਼ਸਰਾਂ ਨਾਲ ਮੀਟਿੰਗ ਕਰਕੇ ਹਦਾਇਤਾਂ ਦਿਤੀਆਂ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨ—ਬਿੰਨ ਪਾਲਣਾ ਕਰਦਿਆਂ ਕੋਈ ਵੀ ਬਾਹਰੀ ਦਵਾਈ ਦੀ ਸਿਫ਼ਾਰਸ਼ ਨਾ ਕਰਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਖ਼ੁਦ ਵੀ ਜਾਗਰੂਕ ਹੋਣ ਅਤੇ ਡਾਕਟਰ ਦੁਆਰਾ ਲਿਖੀ ਗਈ ਹਰ ਦਵਾਈ ਹਸਪਤਾਲ ਦੇ ਅੰਦਰੋਂ ਹੀ ਲੈਣ।