ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਫ਼ਾਈ ਦੇ ਦੂਤ ਬਣਨ ਦਾ ਸੱਦਾ

ਪੰਜਾਬ

ਕਿਹਾ, ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਰਾਜ ਦੇ ਵਿਦਿਆਰਥੀਆਂ ਨੂੰ ਖੁਆਉਣ ਵਾਸਤੇ ਕਰੀਬ 73 ਲੱਖ ਗੋਲੀਆਂ ਵੰਡੀਆਂ
1 ਤੋਂ 19 ਸਾਲ ਦੇ ਸਾਰੇ ਬੱਚਿਆਂ ਤੇ ਕਿਸ਼ੋਰਾਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਦਾ ਟੀਚਾ
ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣ ਵਾਲੇ ਬੱਚੇ, ਅਧਿਆਪਕ ਤੇ ਸਿਹਤ ਵਰਕਰ ਹੋਣਗੇ ਸਨਮਾਨਤ
ਪਟਿਆਲਾ, 7 ਅਗਸਤ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸਫ਼ਾਈ ਦੇ ਦੂਤ ਬਣਨ ਦਾ ਸੱਦਾ ਦਿੱਤਾ ਹੈ। ਅੱਜ ‘ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ’ ਸਬੰਧੀਂ ਸਿਹਤ ਵਿਭਾਗ ਵੱਲੋਂ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਤ੍ਰਿਪੜੀ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ 1 ਤੋਂ 19 ਸਾਲ ਦੇ ਸਾਰੇ ਬੱਚਿਆਂ ਤੇ ਕਿਸ਼ੋਰਾਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਅੱਜ ਕੌਮੀ ਡੀ ਵਾਰਮਿੰਗ ਦਿਵਸ ਮਨਾ ਕੇ ਇਹ ਅਲਬੈਂਡਾਜੋਲ ਦੀ ਦਵਾਈ ਬੱਚਿਆਂ ਨੂੰ ਖਵਾਈ ਜਾ ਰਹੀ ਹੈ ਅਤੇ 14 ਅਗਸਤ ਨੂੰ ਮੋਪ-ਅੱਪ ਦਿਵਸ ਵੀ ਮਨਾਇਆ ਜਾਵੇਗਾ। ਇਸ ਲਈ ਰਾਜ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਇਹ ਗੋਲੀ ਖੁਆਉਣ ਲਈ ਕਰੀਬ 73 ਲੱਖ ਗੋਲੀਆਂ ਦੀ ਵੰਡ ਕੀਤੀ ਗਈ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਲਈ ਸੂਬੇ ਦੇ ਬੱਚਿਆਂ ਦਾ ਸਿਹਤਮੰਦ ਹੋਣ ਜਰੂਰੀ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਹਰ ਬੱਚੇ ਨੂੰ ਤੰਦਰੁਸਤ ਰੱਖਣ ਲਈ, ਬੱਚਿਆਂ ‘ਚ ਕਿੰਨਾ ਖ਼ੂਨ ਹੈ, ਉਸਦਾ ਕੱਦ ਤੇ ਭਾਰ ਕਿੰਨਾ ਹੈ ਸਮੇਤ ਉਸਦੀ ਅੱਖਾਂ ਦੀ ਨਜ਼ਰ ਘੱਟ ਨਾ ਹੋਵੇ, ਪਤਾ ਲਾਉਣ ਲਈ ਇਹ ਜਾਂਚ ਕਰਵਾਈ ਜਾ ਰਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਪੇਟ ਦੇ ਕੀੜਿਆਂ ਕਰਕੇ ਬਹੁਤ ਬਿਮਾਰੀਆਂ ਲੱਗਦੀਆਂ ਹਨ ਤੇ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਪੇਟ ਦੇ ਕੀੜਿਆਂ ਬਾਰੇ ਜਾਗਰੂਕਤਾ ਤੇ ਇਲਾਜ ਲਈ ਸਾਲ ਵਿੱਚ ਦੋ ਵਾਰ ਅਲਬੈਂਡਾਂਜੋਲ ਦੀ ਗੋਲੀ ਖੁਵਾਈ ਜਾਂਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸਫ਼ਾਈ ਦੇ ਦੂਤ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਆਪਦੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣ ਵਾਲੇ ਵਿਦਿਆਰਥੀਆਂ, ਅਧਿਆਪਕਾਂ ਤੇ ਸਿਹਤ ਵਰਕਰਾਂ ਨੂੰ ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਨੇ ਬੱਚਿਆਂ ਨੂੰ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਬਾਰੇ ਵੀ ਜਾਗਰੂਕ ਕੀਤਾ।
ਸਿਹਤ ਮੰਤਰੀ ਨੇ ਦੱਸਿਆ ਕਿ ਗੰਦੇ ਹੱਥ, ਨੰਗੇ ਪੈਰ ਤੁਰਨ ਨਾਲ, ਸਬਜ਼ੀਆਂ, ਪਾਣੀ ਆਦਿ ਨੂੰ ਵੀ ਪ੍ਰਭਾਵਿਤ ਕਰਦੇ ਹਨ ਅਤੇ ਦੂਜੇ ਬੱਚਿਆਂ ਤੱਕ ਪਹੁੰਚ ਜਾਂਦੇ ਹਨ ਤੇ ਇਸ ਨਾਲ ਖ਼ੂਨ ਦੀ ਕਮੀ, ਪੇਟ ਵਿੱਚ ਦਰਦ, ਕੁਪੋਸ਼ਣ, ਸਰੀਰਕ ਅਤੇ ਮਾਨਸਿਕ ਕਮਜੋਰੀ 5 ਵਾਧੇ ਵਿਕਾਸ ਵਿੱਚ ਰੁਕਾਵਟ, ਸਕੂਲ ਜਾਣਾ ਘਟਣਾ ਆਦਿ ਹੋ ਸਕਦਾ ਹੈ। ਇਸ ਲਈ ਹਰ ਬੱਚਾ ਆਪਣੇ ਨਹੁੰ ਕੱਟਕੇ ਰੱਖੇ, ਹੱਥਾਂ ਨੂੰ ਸਾਫ਼ ਰੱਖੇ ਤੇ ਖੁਲ੍ਹੇ ‘ਚ ਸੌਚ ਨਾ ਜਾਵੇ ਤੇ ਨੰਗੇ ਪੈਰ ਨਾ ਤੁਰੇ ਅਤੇ ਪਾਣੀ ਉਬਾਲ ਕੇ ਪੀਤਾ ਜਾਵੇ ਤੇ ਫ਼ਲ ਸਬਜ਼ੀਆਂ ਹਮੇਸ਼ਾ ਧੋਅ ਕੇ ਹੀ ਖਾਓ।
ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਨੀਰ, ਘਿਉ ਤੇ ਮਸਾਲਿਆਂ ਵਿੱਚ ਸਭ ਤੋਂ ਵੱਧ ਮਿਲਾਵਟ ਹੁੰਦੀ ਹੈ, ਜਿਸ ਲਈ ਤਿਉਹਾਰਾਂ ਤੋਂ ਪਹਿਲਾਂ ਰਾਜ ਭਰ ‘ਚ ਫੂਡ ਸੈਂਪਲਿੰਗ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਤੇ ਖਾਸ ਕਰਕੇ ਬਾਹਰੋਂ ਆਉਣ ਵਾਲੇ ਖਾਧ ਪਦਾਰਥਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਫੂਡ ਸਪਲੀਮੈਂਟ ਦੀ ਜਾਂਚ ਨਹੀਂ ਸੀ ਹੁੰਦੀ ਪਰੰਤੂ ਹੁਣ ਇਸ ਲਈ ਵਿਸ਼ੇਸ਼ ਫਲਾਇੰਗ ਸਕੁਐਡ ਬਣਾਏ ਗਏ ਹਨ ਤੇ ਫੂਡ ਸੇਫਟੀ ਆਨ ਵੀਹਲਜ ਵੈਨ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਅਚਾਨਕ ਕਾਰਡੀਐਕ ਡੈਥ ਕਿਉਂ ਹੋ ਰਹੀ ਹੈ, ਇਸ ਲਈ ਵੀ ਸਿਹਤ ਵਿਭਾਗ ਬਾਕੀ ਭਾਈਵਾਲਾਂ ਨਾਲ ਮਿਲਕੇ ਕੰਮ ਕਰ ਰਿਹਾ ਹੈ ਤੇ ਇਸ ਦੀ ਸਲਾਹਕਾਰੀ ਵੀ ਜਾਰੀ ਕੀਤੀ ਜਾ ਰਹੀ ਹੈ।
ਇਸ ਮੌਕੇ ਮੇਅਰ ਨਗਰ ਨਿਗਮ ਕੁੰਦਨ ਗੋਗੀਆ, ਜਸਬੀਰ ਸਿੰਘ ਗਾਂਧੀ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਏ.ਡੀ.ਸੀ. ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਹਰਜੋਤ ਕੌਰ ਮਾਵੀ, ਸਟੇਟ ਪ੍ਰੋਗਰਾਮ ਅਫ਼ਸਰ ਡਾ. ਜਸਲੀਨ ਵਿਰਕ, ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ, ਸੂਬਾ ਕੋਆਰਡੀਨੇਟਰ ਡਾ. ਰਜਨੀ ਸ਼ਰਮਾ, ਡਾ. ਸੁਖਜੀਤ ਕੌਰ, ਕੌਂਸਲਰ ਨੇਹਾ ਕੁਕਰੇਜਾ, ਮੋਹਿਤ ਕੁਕਰੇਜਾ, ਚਿੰਟੂ ਨਾਸਰਾ, ਬਲਾਕ ਪ੍ਰਧਾਨ ਲਲਿਤ ਕੁਮਾਰ, ਚਰਨਜੀਤ ਸਿੰਘ ਐਸ.ਕੇ., ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਤੇ ਡਿਪਟੀ ਡੀ.ਈ.ਓ. ਡਾ. ਰਵਿੰਦਰਪਾਲ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੁਸ਼ਲਦੀਪ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ, ਐਸ.ਐਮ.ਓਜ ਤ੍ਰਿਪੜੀ ਡਾ. ਮੋਨਿਕਾ ਤੇ ਡਾ. ਗੁਰਪ੍ਰੀਤ ਸਿੰਘ ਨਾਗਰਾ, ਡਾ. ਜੈਦੀਪ ਭਾਟੀਆ, ਸਕੂਲ ਪ੍ਰਿੰਸੀਪਲ ਡਾ. ਨਰਿੰਦਰ ਕੁਮਾਰ, ਜ਼ਿਲ੍ਹਾ ਸਕੂਲ ਸਿਹਤ ਅਫ਼ਸਰ ਡਾ. ਅਸ਼ੀਸ਼ ਸ਼ਰਮਾ ਤੇ ਟੀਮ ਸਮੇਤ ਮਾਸ ਮੀਡੀਆ ਵਿੰਗ ਦੇ ਅਧਿਕਾਰੀ ਵੀ ਮੌਜੂਦ ਸਨ।
**
ਫੋਟੋ ਕੈਪਸ਼ਨ-ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸਿਹਤ ਵਿਭਾਗ ਵੱਲੋਂ ਪਟਿਆਲਾ ਦੇ ਤ੍ਰਿਪੜੀ ਸਕੂਲ ਵਿਖੇ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਸਬੰਧੀ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਸ਼ਿਰਕਤ ਕਰਦੇ ਹੋਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।