ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤਰੱਕੀ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ
ਚੰਡੀਗੜ੍ਹ, 7 ਅਗਸਤ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨੇ 814 ਮਾਸਟਰ ਕਾਡਰ ਅਧਿਆਪਕਾਂ ਨੂੰ ਲੈਕਚਰਾਰ ਵਜੋਂ ਤਰੱਕੀ ਦਿੱਤੀ ਹੈ। ਇਨ੍ਹਾਂ ਅਧਿਆਪਕਾਂ ਨੂੰ ਤਰੱਕੀ ਪੂਰੇ ਸਮਰਪਣ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਪਾਏ ਯੋਗਦਾਨ ਅਤੇ ਸਾਲਾਂ ਦੇ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਗਈ ਹੈ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਤਰੱਕੀਆਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕਾਂ ਨੂੰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਪੰਜਾਬੀ ਦੇ 360, ਰਾਜਨੀਤੀ ਸ਼ਾਸਤਰ ਦੇ 271, ਅੰਗਰੇਜ਼ੀ ਦੇ 135, ਕਾਮਰਸ ਦੇ 40, ਸੰਸਕ੍ਰਿਤ ਦੇ ਦੋ, ਫਾਈਨ ਆਰਟਸ ਦਾ ਇੱਕ, ਹੋਮ ਸਾਇੰਸ ਦੇ ਤਿੰਨ ਅਤੇ ਸਮਾਜ ਸ਼ਾਸਤਰ ਦੇ ਦੋ ਲੈਕਚਰਾਰ ਸ਼ਾਮਲ ਹਨ।
ਤਰੱਕੀ ਪ੍ਰਾਪਤ ਕਰਨ ਵਾਲੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਆਪਣੇ ਪੜ੍ਹਾਉਣ ਦੇ ਤਜਰਬੇ ਅਤੇ ਜਨੂੰਨ ਨਾਲ ਨੌਜਵਾਨਾਂ, ਜਿਨ੍ਹਾਂ ਨੇ ਅੱਗੇ ਚੱਲ ਕੇ ਦੇਸ਼ ਦੀ ਅਗਵਾਈ ਕਰਨੀ ਹੈ, ਨੂੰ ਇਸੇ ਤਰ੍ਹਾਂ ਪ੍ਰੇਰਿਤ ਅਤੇ ਸਿੱਖਿਅਤ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੇ ਕਰੀਅਰ ਵਿੱਚ ਇਹ ਵਾਧਾ ਉਨ੍ਹਾਂ ਨੂੰ ਆਪਣੇ ਲੰਮੇ ਤਜਰਬੇ ਅਤੇ ਦ੍ਰਿੜ੍ਹ ਵਚਨਬੱਧਤਾ ਨਾਲ ਵਿਦਿਆਰਥੀਆਂ ਦੇ ਬੌਧਿਕ ਅਤੇ ਨਿੱਜੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹੋਰ ਬਿਹਤਰ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਪ੍ਰੇਰਿਤ ਕਰੇਗਾ।
ਸ. ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਇੱਕ ਅਜਿਹਾ ਵਿਦਿਅਕ ਮਾਹੌਲ ਸਿਰਜਣ ਲਈ ਵਚਨਬੱਧ ਹੈ ਜੋ ਵਿਦਿਆਰਥੀਆਂ ਦੀ ਸਫ਼ਲਤਾ ਅਤੇ ਸਿੱਖਿਅਕਾਂ ਦੇ ਪੇਸ਼ੇਵਰ ਵਿਕਾਸ ਦੋਵਾਂ ਲਈ ਅਨੁਕੂਲ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਇਹ ਤਰੱਕੀਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੋਚ ਅਨੁਸਾਰ ਇੱਕ ਮਜ਼ਬੂਤ ਵਿਦਿਅਕ ਢਾਂਚਾ ਬਣਾਉਣ ਲਈ ਵਿਭਾਗ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹਨ।