ਚੰਡੀਗੜ੍ਹ, 7 ਅਗਸਤ, ਦੇਸ਼ ਕਲਿੱਕ ਬਿਓਰੋ :
ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇੱਥੇ ਹੋਈ। ਮੀਟਿੰਗ ਵਿੱਚ ਕੋਰ ਕਮੇਟੀ, ਵਰਕਿੰਗ ਕਮੇਟੀ, ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜਾਂ ਨੇ ਹਿੱਸਾ ਲਿਆ। ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਤੇ ਕੱਲ੍ਹ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਪੰਜ ਸਿੰਘ ਸਾਹਿਬਾਨ ਵੱਲੋਂ ਆਦੇਸ਼ ਦਿੱਤਾ ਕਿ ਸਾਰੀ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ, ਸਾਰੇ ਧੜਿਆਂ ਨੂੰ ਇਕ ਜੁੱਟ ਹੋਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਪੰਜ ਸਾਹਿਬਾਨ ਵੱਲੋਂ ਜੋ ਆਦੇਸ਼ ਹੁੰਦਾ ਉਸ ਨੂੰ ਅਸੀਂ ਸਿਰ ਝੁਕਾਅ ਕੇ ਮੰਨਦੇ ਆਏ ਹਾਂ ਤੇ ਮੰਨਦੇ ਰਿਹਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ, ਹੋਰ ਤਰ੍ਹਾਂ ਤਰ੍ਹਾਂ ਦੇ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਲੋਕ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਚਲੇ ਗਏ ਜਾਂ ਅਲੱਗ ਪਾਰਟੀ ਬਣਾ ਲਈ, ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਮਾਂ ਪਾਰਟੀ ਅਕਾਲੀ ਦਲ ਵਿੱਚ ਵਾਪਸ ਆਓ। ਅਕਾਲੀ ਦਲ ਨੂੰ ਮਜ਼ਬੂਤ ਕਰੀਏ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਤੋਂ ਨਾਰਾਜ਼ ਹੋ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਅਸੀਂ ਤੁਹਾਡਾ ਦਿਲੋਂ ਸਵਾਗਤ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਖਿਲਾਫ ਲਗਾਤਾਰ ਝੂਠੇ ਕੇਸ ਬਣਾਏ ਜਾ ਰਹੇ ਹਨ। ਅੱਜ ਤੱਕ ਉਨ੍ਹਾਂ ਖਿਲਾਫ ਕੋਈ ਚਲਾਨ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਅਫਸਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਝੂਠੇ ਕੇਸ ਪਾਉਣੇ ਵੀ ਗੁਨਾਹ ਹਨ। ਉਨ੍ਹਾਂ ਕਿਹਾ ਕਿ ਝੂਠੇ ਕੇਸ ਪਾਉਣੇ ਨਾ ਰੋਕੇ ਤਾਂ ਅਕਾਲੀ ਦਲ ਸੰਘਰਸ਼ ਵਿੱਢੇਗਾ। ਉਨ੍ਹਾਂ ਕਿਹਾ ਕਿ ਗਵਰਨਰ ਨੂੰ ਇਕ ਵਫਦ ਮਿਲੇਗਾ। ਲੈਂਡ ਪੂਲਿੰਗ ਪਾਲਿਸੀ ਉਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਕ ਵੀ ਇੰਚ ਜ਼ਮੀਨ ਲੈਣ ਨਹੀਂ ਦਿੱਤੀ ਜਾਵੇਗੀ। 1 ਸਤੰਬਰ ਤੋਂ ਅਕਾਲੀ ਦਲ ਸਰਕਾਰ ਖਿਲਾਫ ਮੋਰਚਾ ਲਗਾਏਗਾ। ਇਹ ਮੋਰਚਾ ਉਦੋਂ ਤੱਕ ਰਹੇਗਾ ਜਦੋਂ ਤੱਕ ਇਹ ਨੀਤੀ ਵਾਪਸ ਨਹੀਂ ਲਵੇਗੀ।