ਪੰਜਾਬ ਦੀ ਖੱਬੀ ਲਹਿਰ’ ਬਾਰੇ ਸਰਬਜੀਤ ਕੰਗਣੀਵਾਲ ਦੇ ਖੋਜ ਕਾਰਜ ਦੀ ਦੂਜੀ ਜਿਲਦ ਪ੍ਰਕਾਸ਼ਿਤ

ਪੰਜਾਬ

ਚੰਡੀਗੜ੍ਹ, 8 ਅਗਸਤ, ਦੇਸ਼ ਕਲਿੱਕ ਬਿਓਰੋ :

ਡਾ. ਸਰਬਜੀਤ ਕੰਗਣੀਵਾਲ ਵੱਲੋਂ ‘ਪੰਜਾਬ ਦੀ ਖੱਬੀ ਲਹਿਰ’ ਬਾਰੇ ਕੀਤੇ ਖੋਜ ਕਾਰਜ ਦੀ ਦੂਜੀ ਜਿਲਦ ਪ੍ਰਕਾਸ਼ਿਤ ਹੋ ਗਈ ਹੈ। “‘ਪੰਜਾਬ ਦੀ ਖੱਬੀ ਲਹਿਰ-ਹਿੰਦੁਸਤਾਨ ਦੇ ਬਟਵਾਰੇ ਤੋਂ ਲੈ ਕੇ ਸੋਵੀਅਤ ਸੰਘ ਦੇ ਪਤਨ ਤੱਕ”’ ਨਾਂ ਦੀ ਇਸ ਪੁਸਤਕ ਵਿੱਚ ਪੰਜਾਬ ਦੀ ਖੱਬੀ ਲਹਿਰ ਦੇ ਉਤਰਾਵਾਂ-ਚੜ੍ਹਾਵਾਂ ਦੀ ਡੁੰਘਾਈ ਨਾਲ ਚਰਚਾ ਕੀਤੀ ਹੈ।

ਇਸ ਪੁਸਤਕ ਵਿੱਚ ਹਿੰਦੁਸਤਾਨ ਦੇ ਬਟਵਾਰੇ ਤੋਂ ਬਾਅਦ ਪੰਜਾਬ ਦੀ ਖੱਬੀ ਲਹਿਰ ਵਿੱਚ ਫੁੱਟ ਦਰ ਫੁੱਟ ਸਾਹਮਣੇ ਆਉਣ ਅਤੇ ਵੱਖ ਵੱਖ ਖੱਬੀਆਂ ਧਿਰਾਂ ਵਿੱਚ ਵਿਚਾਰਧਾਰਕ ਅਤੇ ਜਥੇਬੰਦਕ ਵਿਰੋਧਤਾਈਆਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਪੁਸਤਕ ਵਿੱਚ ਆਜ਼ਾਦੀ ਤੋਂ ਬਾਅਦ ਸੀ.ਪੀ.ਆਈ. ਨਾਲੋਂ ਵੱਖ ਹੋ ਕੇ ਲਾਲ ਕਮਿਊਨਿਸਟ ਪਾਰਟੀ, ਸੀ.ਪੀ.ਆਈ. (ਐਮ) ਅਤੇ ਵੱਖ ਵੱਖ ਨਕਸਲੀ ਧੜਿਆਂ ਦੇ ਹੋਂਦ ਵਿੱਚ ਆਉਣ ਦੇ ਕਾਰਨਾਂ ਤੋਂ ਇਲਾਵਾ ਇਸ ਸਮੇਂ ਦੌਰਾਨ ਖੱਬੀਆਂ ਧਿਰਾਂ ਵੱਲੋਂ ਅਖ਼ਤਿਆਰ ਕੀਤੀਆਂ ਗਈਆਂ ਨੀਤੀਆਂ ਦਾ ਵੀ ਅਧਿਐਨ ਕੀਤਾ ਗਿਆ ਹੈ। ਨਕਸਲੀ ਧਿਰਾਂ ਵੱਲੋਂ ਬਿਨਾਂ ਹਥਿਆਰਾਂ ਤੋਂ ਹਥਿਆਬੰਦ ਇਨਕਲਾਬ ਦਾ ਸੱਦਾ ਦੇਣ, ਭਵਿੱਖ ਵਿੱਚ ਖੱਬੀ ਲਹਿਰ ਦੀ ਅਗਵਾਈ ਕਰਨ ਵਾਲੇ ਅਨੇਕਾਂ ਆਗੂਆਂ ਦੇ ਇਸ ਸੰਘਰਸ਼ ਵਿੱਚ ਮਾਰੇ ਜਾਣ, ਇਸ ਤੋਂ ਬਾਅਦ ਖ਼ਾਲਿਸਤਾਨੀ ਲਹਿਰ ਦੌਰਾਨ ਅਨੇਕਾਂ ਖੱਬੇ ਪੱਖੀ ਆਗੂਆਂ ਦੇ ਖੁਸ ਜਾਣ ਅਤੇ ਭਵਿੱਖ ਵਿੱਚ ਖੱਬੀ ਲਹਿਰ ਦੀ ਲੀਡਰਸ਼ਿਪ ਵਿੱਚ ਖਲਾਅ ਪੈਦਾ ਹੋਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਨਕਸਲੀ ਅਤੇ ਖ਼ਾਲਿਸਤਾਨੀ ਲਹਿਰਾਂ ਦੌਰਾਨ ਮਾਰੇ ਗਏ ਖੱਬੇ ਖੱਬੀਆਂ ਦੇ ਵਿਸਤ੍ਰਤ ਵੇਰਵੇ ਦੇਣ ਤੋਂ ਇਲਾਵਾ ਖ਼ਾਲਿਸਤਾਨੀ ਲਹਿਰ ਦੌਰਾਨ ਸੱਤਾ ਅਤੇ ਖ਼ਾਲਿਸਤਾਨੀਆਂ ਵਿਰੁੱਧ ਸੰਘਰਸ਼ ਵਿੱਚ ਸੰਤੁਲਨ ਨਾ ਬਿਠਾ ਸਕਣ ਦੀ ਚਰਚਾ ਵੀ ਇਸ ਪੁਸਤਕ ਵਿੱਚ ਕੀਤੀ ਗਈ ਹੈ।

ਇਸ ਪੁਸਤਕ ਵਿੱਚ ਲੇਖਕ ਨੇ ਸੰਸਦੀ ਪ੍ਰਣਾਲੀ ਬਾਰੇ ਖੱਬੇ ਪੱਖੀਆਂ ਦੀ ਪਹੁੰਚ ਦਾ ਵਿਸਤ੍ਰਤ ਅਧਿਐਨ ਕਰਦੇ ਹੋਏ ਪਹਿਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਵਿੱਚ ਖੱਬੇ ਪੱਖੀਆਂ ਦੇ ਪ੍ਰਦਰਸ਼ਨ ਦੇ ਵੇਰਵੇ ਦਿੰਦੇ ਹੋਏ ਸੰਸਦੀ ਪ੍ਰਣਾਲੀ ਦੀ ਲਾਈਨ ਦੇ ਨਤੀਜੇ ਕੱਢੇ ਹਨ। ਇਸ ਕਿਤਾਬ ਦੇ ਆਖ਼ੀਰ ਸੋਵੀਅਤ ਸੰਘ ਦੇ ਢਹਿ-ਢੇਰੀ ਹੋਣ ਅਤੇ ਇਸ ਦਾ ਖੱਬੀ ਲਹਿਰ ਤੇ ਅਸਰ ਪੈਣ ਦਾ ਅਧਿਐਨ ਕੀਤਾ ਗਿਆ ਹੈ। ਸੱਤ ਸੌ ਪੰਨਿਆਂ ਦੀ ਇਸ ਕਿਤਾਬ ਨੂੰ ਯੂਨੀਸਟਾਰ ਪਬਲੀਕੇਸ਼ਨ ਮੋਹਾਲੀ ਨੇ ਛਾਪਿਆ ਹੈ। ਗੌਰਤਲਬ ਹੈ ਕਿ ਇਸ ਪੁਸਤਕ ਦੀ ਪਹਿਲੀ ਜਿਲਦ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।