ਮੋਹਾਲੀ, 8 ਅਗਸਤ: ਦੇਸ਼ ਕਲਿੱਕ ਬਿਓਰੋ
ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਡਾ. ਗੁਰਮੇਲ ਸਿੰਘ ਦੀ ਅਗਵਾਈ ਅਧੀਨ ਜ਼ਿਲ੍ਹੇ ਵਿੱਚ ਕੁਦਰਤੀ ਖੇਤੀ ਕਰ ਰਹੇ ਕਿਸਾਨਾਂ ਨੇ ਮਿਸ਼ਨ ਫਾਰ ਨੈਚੂਰਲ ਫਾਰਮਿੰਗ ਸਕੀਮ ਸਬੰਧੀ ਆਯੋਜਿਤ ਕੀਤੇ ਗਏ ਟ੍ਰੇਨਿੰਗ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਸਕੀਮ ਦੇ ਜ਼ਿਲ੍ਹਾ ਨੋਡਲ ਅਫਸਰ ਡਾ. ਗੁਰਦਿਆਲ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿੱਚ 125 ਏਕੜ ਪ੍ਰਤੀ ਕਲੱਸਟਰ ਦੇ ਹਿਸਾਬ ਨਾਲ 10 ਕਲੱਸਟਰ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਕੁੱਲ 1250 ਏਕੜ ਕੁਦਰਤੀ ਖੇਤੀ ਨੂੰ ਅਪਨਾਉਣ ਵਾਲੇ ਕਿਸਾਨਾਂ ਦੀ ਚੋਣ ਕੀਤੀ ਜਾ ਰਹੀ ਹੈ। ਇਸ ਸਕੀਮ ਅਧੀਨ ਫਾਰਮਰ ਮਾਸਟਰ ਟ੍ਰੇਨਰ, ਕ੍ਰਿਸ਼ੀ ਸਖੀਆਂ, ਬਾਇਓ ਰਿਸੋਰਸ ਸੈਂਟਰ, ਟ੍ਰੇਨਿੰਗਜ,ਐਕਸਪੋਜਰ ਵਿਜਿਟ ਆਦਿ ਲਈ ਫੰਡਜ਼ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਬਿਨਾਂ ਕੈਮੀਕਲਜ਼ ਦੀ ਵਰਤੋਂ ਕੀਤੇ ਸ਼ੁੱਧ ਭੋਜਨ ਪਦਾਰਥਾਂ ਦੀ ਪੈਦਾਵਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਟ੍ਰੇਨਿੰਗ ਵਿੱਚ ਭਾਗ ਲੈ ਰਹੇ ਕਿਸਾਨਾਂ ਨੇ ਇਸ ਪ੍ਰੋਗਰਾਮ ਦੀ ਜਿਥੇ ਪ੍ਰਸੰਸਾ ਕੀਤੀ ਉਥੇ ਜ਼ਿਲ੍ਹੇ ਵਿੱਚ ਕੁਦਰਤੀ ਖੇਤੀ/ ਜੈਵਿਕ ਖੇਤੀ ਰਾਹੀਂ ਪੈਦਾ ਕੀਤੀਆਂ ਜਾ ਰਹੀਆਂ ਸਬਜੀਆਂ, ਦਾਲਾਂ, ਤੇਲਬੀਜ ਅਤੇ ਦਾਣੇਦਾਰ ਫਸਲਾਂ ਦੀ ਵਿਕਰੀ ਲਈ ਪਹਿਲਾਂ ਦੀ ਤਰ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਿਕਰੀ ਕੇਂਦਰ ਸਥਾਪਿਤ ਕਰਨ ਦੀ ਮੰਗ ਵੀ ਕੀਤੀ। ਸਕੀਮ ਦੇ ਫਾਰਮਰ ਮਾਸਟਰ ਟ੍ਰੇਨਰ ਤਰਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਨਰੇਗਾ ਸਕੀਮ ਅਧੀਨ ਖੇਤ ਪੱਧਰ ਕਰਨ, ਸਿੰਚਾਈ ਸਹੂਲਤਾਂ ਅਤੇ ਕੁਦਰਤੀ ਖੇਤੀ ਲਈ ਲੋੜੀਂਦੇ ਪਸ਼ੂ ਯੂਰਿਨ ਟੈਂਕ ਤਿਆਰ ਕਰਨ ਸਮੇਤ 150 ਤੋਂ ਵੀ ਵੱਧ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਦਿੱਤੀ ਜਾ ਸਕਦੀ ਹੈ। ਇਸ ਪ੍ਰੋਗਰਾਮ ਵਿੱਚ ਸ੍ਰੀ ਗੁਰਪ੍ਰਕਾਸ਼ ਸਿੰਘ ਪਿੰਡ ਝੰਜੇੜੀ, ਸ੍ਰੀ ਪ੍ਰਦੀਪ ਗੌਤਮ ਪਿੰਡ ਤਾਜਪੁਰ, ਸ਼੍ਰੀ ਜਰਨੈਲ ਸਿੰਘ ਪਿੰਡ ਗੁਡਾਣਾ, ਸ਼੍ਰੀ ਜਸਵਿੰਦਰ ਸਿੰਘ ਪਿੰਡ ਨਗਲਾ ਨੇ ਕੁਦਰਤੀ ਖੇਤੀ ਸਬੰਧੀ ਆਪਣੇ ਵਡਮੁਲੇ ਵਿਚਾਰ ਸਾਂਝੇ ਕੀਤੇ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਖੇਤੀਬਾੜੀ ਵਿਸਥਾਰ ਅਫਸਰ ਡਾ. ਸੁਖਜੀਤ ਕੌਰ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਸ਼ਿਖਾ ਸਿੰਗਲਾ, ਸ਼੍ਰੀ ਕਮਲਦੀਪ ਸਿੰਘ, ਏ.ਟੀ.ਐਮ. ਅਤੇ ਜਿਲ੍ਹੇ ਦੇ 50 ਤੋਂ ਵੱਧ ਪਿੰਡਾਂ ਦੇ ਨੁੰਮਾਇਦਿਆਂ ਨੇ ਭਾਗ ਲਿਆ।