ਲੋਕ ਸਬ ਰਜਿਸਟਰਾਰ ਦਫ਼ਤਰਾਂ ਵਿਖੇ ਹੀ 550 ਰੁਪਏ ‘ਚ ਲਿਖਵਾਉਣ ਆਪਣੀ ਜਮੀਨ ਜਾਇਦਾਦ ਦੀ ਰਜਿਸਟਰੀ-ਡਾ. ਪ੍ਰੀਤੀ ਯਾਦਵ

ਪੰਜਾਬ

-ਕਿਹਾ, ਸੌਖੀ ਰਜਿਸਟਰੀ, ਨਾ ਦੇਰੀ, ਨਾ ਰਿਸ਼ਵਤਖੋਰੀ’ ਤਹਿਤ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਹੋਈ

ਪਟਿਆਲਾ, 8 ਅਗਸਤ: ਦੇਸ਼ ਕਲਿੱਕ ਬਿਓਰੋ
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀ ਜਮੀਨ ਜਾਇਦਾਦ ਦੀਆਂ ਰਜਿਸਟਰੀਆਂ ਕਰਵਾਉਣ ਮੌਕੇ ਰਜਿਸਟਰੀਆਂ ਲਿਖਵਾਉਣ ਦਾ ਕੰਮ ਵੀ ਸਬ-ਰਜਿਸਟਰਾਰ ਦਫ਼ਤਰ ਵਿਖੇ ਹੀ ਕੇਵਲ 550 ਰੁਪਏ ਵਿੱਚ ਕਰਵਾਉਣ ਨੂੰ ਤਰਜੀਹ ਦੇਣ। ਉਹ ਅੱਜ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਡੀ.ਐਸ.ਐਮ. ਸੁਖਮੰਦਰ ਸਿੰਘ ਸਮੇਤ ਈ-ਸੇਵਾ ਦੇ ਜ਼ਿਲ੍ਹਾ ਕੋਆਰਡੀਨੇਟਰ ਰੌਬਿਨ ਸਿੰਘ ਨਾਲ ਈਜ਼ੀ ਰਜਿਸਟਰੀ ਸਕੀਮ ਦਾ ਜਾਇਜ਼ਾ ਲੈ ਰਹੇ ਸਨ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਜਾਇਦਾਦ ਦੀਆਂ ਰਜਿਸਟਰੀਆਂ ਕਰਵਾਉਣ ਮੌਕੇ ਕਿਸੇ ਤਰ੍ਹਾਂ ਦੀ ਲੋਕਾਂ ਦੀ ਖੱਜਲ ਖੁਆਰੀ ਤੇ ਰਿਸ਼ਵਤਖੋਰੀ ਨੂੰ ਖ਼ਤਮ ਕਰਨ ਲਈ ਨਾਪਾਕ ਗਠਜੋੜ ਨਹੀਂ ਰਹਿਣ ਦਿੱਤਾ ਜਾਵੇਗਾ ਕਿਉਂਕਿ ਰਜਿਸਟਰੀਆਂ ਕਰਵਾਉਣ ਸਮੇਂ ਨਾਗਰਿਕਾਂ ਨੂੰ ਕਿਸੇ ਟਾਊਟ, ਦਲਾਲ ਜਾਂ ਏਜੰਟ ਦੀ ਕੋਈ ਲੋੜ ਨਹੀਂ ਹੈ।
ਡੀ.ਸੀ. ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਲਈ ਸਬ ਰਜਿਸਟਰਾਰ ਦਫ਼ਤਰਾਂ ਵਿਖੇ ਹੀ ਰਜਿਸਟਰੀਆਂ ਲਿਖਣ ਲਈ ਹੈਲਪ ਡੈਸਕ ਲਗਾ ਕੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜੋ ਕਿ ਕੇਵਲ 550 ਰੁਪਏ ਵਿੱਚ ਲੋਕਾਂ ਦੀਆਂ ਰਜਿਸਟਰੀਆਂ ਲਿਖਣ ਦਾ ਕੰਮ ਕਰਦੇ ਹਨ, ਜਿਸ ਲਈ ਲੋਕਾਂ ਨੂੰ ਇਸ ਸੁਵਿਧਾ ਦਾ ਲਾਭ ਲੈਣਾ ਚਾਹੀਦਾ ਹੈ। ਜਿਸ ਨਾਲ ਲੋਕਾਂ ਨੂੰ ਸੇਲ ਡੀਡ ਤਿਆਰ ਕਰਨ ਲਈ ਪ੍ਰਾਈਵੇਟ ਲੋਕਾਂ ਅਤੇ ਵਿਚੋਲਿਆਂ ਰਾਹੀਂ ਵਸੂਲੀਆਂ ਜਾਂਦੀਆਂ ਮੋਟੀਆਂ ਫੀਸਾਂ ਨਹੀਂ ਦੇਣੀਆਂ ਪੈਣਗੀਆਂ।
ਇਸੇ ਦੌਰਾਨ ਪਟਿਆਲਾ ਸਬ ਰਜਿਸਟਰਾਰ ਦਫ਼ਤਰ ਵਿਖੇ ਆਪਣੀਆਂ ਰਜਿਸਟਰੀਆਂ ਦਾ ਕੰਮ ਕਰਵਾਉਣ ਆਏ ਲੋਕਾਂ ਨੇ ਸਰਕਾਰ ਵੱਲੋਂ ਸ਼ੁਰੂ ਕੀਤੀ ਈਜ਼ੀ ਰਜਿਸਟਰੀ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਚਮੁੱਚ ਬਦਲਾਅ ਨਜ਼ਰ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਰਜਿਸਟਰੀ ਲਈ ਕਿਸੇ ਨੂੰ ਕੋਈ ਵਾਧੂ ਪੈਸਾ ਵੀ ਨਹੀਂ ਦੇਣਾ ਪਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਸੌਖੀ ਰਜਿਸਟਰੀ, ਨਾ ਦੇਰੀ, ਨਾ ਰਿਸ਼ਵਤਖੋਰੀ’ ਸਕੀਮ ਤਹਿਤ ਲੋਕਾਂ ਨੂੰ ਫਰਦ ਵੀ ਕਿਉਆਰ ਕੋਡ ਰਾਹੀਂ ਉਨ੍ਹਾਂ ਦੇ ਵਟਸਐਪ ‘ਤੇ ਮਿਲ ਰਹੀ ਹੈ, ਜੋ ਕਿ ਰਜਿਸਟਰੀ ਕਰਵਾਉਣ ਦੀ ਪ੍ਰਕ੍ਰਿਆ ਨੂੰ ਹੋਰ ਵੀ ਸੁਖਾਲਾ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਖੱਜਲ ਖੁਆਰੀ ਖ਼ਤਮ ਕਰਨ ਲਈ ਹੁਣ ਸਾਰੀਆਂ ਰਜਿਸਟਰੀਆਂ ਦੀ ਪ੍ਰੀ ਅਪਰੂਵਲ ਇੱਕ ਬੈਚ ‘ਚ ਹੀ ਸ਼ਾਮ 7 ਵਜੇ ਹੋਇਆ ਕਰੇਗੀ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਰਕਾਰ ਦਾ ਮਕਸਦ ਲੋਕਾਂ ਨੂੰ ਇੱਕ ਡੈਸਕ ਤੋਂ ਦੂਜੇ ਡੈਸਕ ‘ਤੇ ਖੱਜਲ ਖੁਆਰ ਹੋਣ ਤੋਂ ਬਚਾਉਣਾ ਹੈ, ਜਿਸ ‘ਚ ਕਾਮਯਾਬੀ ਮਿਲ ਰਹੀ ਹੈ ਪਰੰਤੂ ਲੋਕਾਂ ਨੂੰ ਹੁਣ ਸਿੱਧੇ ਹੀ ਸਬ ਰਜਿਸਟਰਾਰ ਦਫ਼ਤਰਾਂ ‘ਚ ਆ ਕੇ ਆਪਣੀ ਰਜਿਸਟਰੀ ਸੁਖਾਲੇ ਢੰਗ ਨਾਲ ਕਰਵਾਉਣ ਲਈ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਨੇ ਜ਼ਿਲ੍ਹਾ ਮਾਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਕਿਸੇ ਟਾਊਟ, ਦਲਾਲ ਜਾਂ ਕਿਸੇ ਤੀਜੀ ਧਿਰ ਦੀ ਮੌਜੂਦਗੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਇਸ ਪ੍ਰਤੀ ਸਖ਼ਤੀ ਵਰਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੰਬੀਆਂ ਕਤਾਰਾਂ ਅਤੇ ਵਿਚੋਲਿਆਂ ਦਾ ਦੌਰ ਖਤਮ ਹੋ ਗਿਆ ਹੈ ਅਤੇ ਹੁਣ ਰਜਿਸਟਰੀ ਨਾਲ ਜੁੜੀ ਹਰੇਕ ਜਾਣਕਾਰੀ ਨਾਗਰਿਕਾਂ ਨੂੰ ਵਟਸਐਪ ਰਾਹੀਂ ਸਹੀ ਸਮੇਂ ‘ਤੇ ਮਿਲ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਲੋਕ ਦਸਤਾਵੇਜ਼ ਤਿਆਰ ਕਰਨ ਲਈ ਹੈਲਪਲਾਈਨ ਨੰਬਰ 1076 ਰਾਹੀਂ ਸੇਵਾ ਸਹਾਇਕਾਂ ਨੂੰ ਆਪਣੇ ਘਰ ਵੀ ਬੁਲਾ ਸਕਦੇ ਹਨ, ਇਸ ਨਾਲ ਪੇਂਡੂ ਪਰਿਵਾਰਾਂ, ਸੀਨੀਅਰ ਨਾਗਰਿਕਾਂ, ਕੰਮਕਾਜ ਵਾਲੇ ਪੇਸ਼ੇਵਰਾਂ ਅਤੇ ਬਾਹਰ ਨਾ ਜਾ ਸਕਣ ਵਾਲਿਆਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।