ਟਰੰਪ ਦੇ ਗਲਤ ਫੈਸਲਿਆਂ ਦਾ ਖਮਿਆਜ਼ਾ ਦੁਨੀਆਂ ਦੇ ਗਰੀਬ ਮੁਲਕਾਂ ਨੂੰ ਭੁਗਤਣਾ ਪਵੇਗਾ: ਸੰਤ ਸੀਚੇਵਾਲ

ਪੰਜਾਬ

ਟਰੰਪ ਦੇ ਫੈਸਲਿਆਂ ਨਾਲ ਵਿੱਤੀ ਬਜ਼ਾਰ ਡਾਵਾਂ ਡੋਲ ਹੋ ਗਏ ਹਨ : ਮਾਹਿਰ

ਨਵੀਂ ਦਿੱਲੀ/ਚੰਡੀਗੜ੍ਹ, 09 ਅਗਸਤ, ਦੇਸ਼ ਕਲਿੱਕ ਬਿਓਰੋ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ 25 ਫੀਸਦੀ ਟੈਰਿਫ ਵਾਲੇ ਬਿਆਨ ‘ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਗਰੀਬ ਮੁਲਕਾਂ ਨੂੰ ਡਰਾਵੇ ਦੇਣੇ ਅਤੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰਨਾ ਅਮਰੀਕਾ ਵਰਗੇ ਤਾਕਤਵਾਰ ਮੁਲਕ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਟੈਰਿਫ ਨਾਲ ਭਾਰਤ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਪਰ ਅਮਰੀਕਾ ਦੀ ਸੋਚ ‘ਤੇ ਜ਼ਰੂਰ ਕਲੰਕ ਲੱਗੇਗਾ ਜਿਸ ਨੂੰ ਇਤਿਹਾਸ ਵਿੱਚ ਯਾਦ ਰੱਖਿਆ ਜਾਵੇਗਾ। ਟਰੰਪ ਦੇ ਰੱਵਈਏ ‘ਤੇ ਟਿੱਪਣੀ ਕਰਦਿਆਂ ਸੰਤ ਸੀਚੇਵਾਲ ਕਿਹਾ ਕਿ ਜਦੋਂ ਤੁਹਾਡੇ ਕੋਲ ਹਥਿਆਰ ਆ ਜਾਂਦੇ ਹਨ ਜਾਂ ਪੈਸਾ ਆ ਜਾਂਦਾ ਹੈ ਤਾਂ ਤੁਸੀ ਦੁਨੀਆਂ ਦੇ ਲੋਕਾਂ ਨੂੰ ਗੱਲਵਕੜੀ ਵਿੱਚ ਨਹੀਂ ਲੈਂਦੇ ਸਗੋਂ ਉਨ੍ਹਾਂ ਨੂੰ ਡਰਾ ਕੇ ਉਨ੍ਹਾਂ ਕੋਲੋ ਖੋਹਣ ਦੀ ਨੀਤੀ ‘ਤੇ ਚੱਲਦੇ ਹੋ। ਉਨ੍ਹਾਂ ਕਿਹਾ ਕਿ ਟਰੰਪ ਦੇ ਗਲਤ ਫੈਸਲਿਆਂ ਦਾ ਖਮਿਆਜ਼ਾ ਦੁਨੀਆ ਦੇ ਗਰੀਬ ਮੁਲਕਾਂ ਨੂੰ ਭੁਗਤਣਾ ਪਵੇਗਾ।

ਸੰਤ ਸੀਚੇਵਾਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਸਖ਼ਤ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਡਾਕੂ ਦੱਸਿਆ ਹੈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲਾ ਵੀ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਜਿਹੜਾ 7 ਅਗਸਤ ਨੂੰ ਲਾਗੂ ਹੋ ਗਿਆ ਹੈ ਤੇ ਹੁਣ ਮੁੜ 25 ਫੀਸਦੀ ਹੋਰ ਟੈਰਿਫ ਲਗਾਉਣ ਦੇ ਐਲਾਨ ਨੇ ਉਹਨਾਂ ਦੀ ਮਾਨਸਿਕਤਾ ਨੂੰ ਉਜਾਗਰ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਇਹ ਕਹਿਣਾ ਕਿ ਜਦੋਂ ਤੱਕ ਭਾਰਤ ਨਾਲ ਟੈਰਿਫ ਵਿਵਾਦ ਹੱਲ ਨਹੀਂ ਹੁੰਦਾ ਉਦੋਂ ਤੱਕ ਕੋਈ ਵੀ ਵਪਾਰਕ ਗੱਲਬਾਤ ਨਹੀਂ ਹੋਵੇਗੀ, ਉਨ੍ਹਾਂ ਦੀ ਪਿਛਾਂਹ-ਖਿੱਚੂ ਸੋਚ ਨੂੰ ਦਰਸਾਉਂਦਾ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਭਾਰਤ ਪਹਿਲਾਂ ਵਾਲਾ ਭਾਰਤ ਨਹੀਂ ਰਿਹਾ ਜਿਸ ਦੀ ਜਦੋਂ ਚਾਹੇ ਬਾਂਹ ਮਰੋੜ ਲਵੋਗੇ। ਸੰਤ ਸੀਚੇਵਾਲ ਨੇ ਕਿਹਾ ਕਿ ਭਾਰਤ ਨੇ ਪਹਿਲਾਂ ਵੀ ਆਰਥਿਕ ਪਾਬੰਦੀਆਂ ਦਾ ਡੱਟ ਕੇ ਸਾਹਮਣਾ ਕੀਤਾ ਸੀ ਤੇ ਹੁਣ ਅੱਗੇ ਵੀ ਕਰਦਾ ਰਹੇਗਾ। ਸੰਤ ਸੀਚੇਵਾਲ ਨੇ ਕਿਹਾ ਕਿਸਾਨ ਤੇ ਮਜ਼ਦੂਰ ਦੇਸ਼ ਦੇ 140 ਕਰੋੜ ਲੋਕਾਂ ਦਾ ਢਿੱਡ ਭਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਮਿਹਨਤੀ ਹਨ ਤੇ ਕਿਰਤ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ ਅਤੇ ਟਰੰਪ ਅਜਿਹੇ ਟੈਰਿਫ ਲਗਾ ਕੇ ਭਾਰਤ ਨੂੰ ਆਰਥਿਕ ਸੰਕਟ ਵਿੱਚ ਨਹੀਂ ਪਾ ਸਕਦੇ।

ਜ਼ਿਕਰਯੋਗ ਹੈ ਕਿ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਜਿਹੜੇ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ, ਉਸ ਨਾਲ ਵਿੱਤੀ ਬਜ਼ਾਰ ਡਾਵਾਂ ਡੋਲ ਹੋ ਗਏ ਹਨ। ਆਰਥਿਕ ਮਾਮਲਿਆਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਇਹੀ ਹਾਲਾਤ ਰਹਿੰਦੇ ਹਨ ਤਾਂ ਇਸ ਦੇ ਨਤੀਜੇ ਬੜੇ ਹੀ ਖਤਰਨਾਕ ਹੋ ਸਕਦੇ ਹਨ। ਡਾਲਰ ਤੋਂ ਜੇ ਭਰੋਸਾ ਉਠਦਾ ਗਿਆ ਤਾਂ ਵੱਡੇ ਕਾਰੋਬਾਰੀ ਅਮਰੀਕਾ ਤੋਂ ਪਲਾਇਨ ਕਰਕੇ ਦੂਜੇ ਮੁਲਕਾਂ ਵੱਲ ਰੁਖ ਕਰ ਸਕਦੇ ਹਨ। ਅਜਿਹੇ ਹਲਾਤਾਂ ਵਿੱਚ ਅਮਰੀਕੀ ਲੋਕਾਂ ਨੂੰ ਹੀ ਟਰੰਪ ਦੀਆਂ ਦੁਨੀਆਂ ਵਿਰੋਧੀ ਆਰਥਿਕ ਨੀਤੀਆਂ ਦਾ ਡੱਟ ਕੇ ਵਿਰੋਧ ਕਰਨਾ ਪਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।