ਛਿੰਝ ਲਈ ਲੋੜੀਂਦੀਆਂ ਪ੍ਰਵਾਨਗੀਆਂ ਨਾ ਮਿਲਣ ਤੋਂ ਤੰਗ ਆਏ ਪਿੰਡ ਵਾਸੀਆਂ ਵੱਲੋਂ ਰੋਸ ਧਰਨਾ, ਟਰੈਫਿਕ ਕੀਤੀ ਜਾਮ

ਟ੍ਰਾਈਸਿਟੀ

 ਸਾਬਕਾ ਮੁੱਖ ਮੰਤਰੀ ਤੇ ਸੰਸਦ ਚਰਨਜੀਤ ਸਿੰਘ ਚੰਨੀ ਧਰਨੇ ਵਿੱਚ ਹੋਏ ਸ਼ਾਮਿਲ

  ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 10 ਅਗਸਤ, ਭਟੋਆ

 ਸ੍ਰੀ ਚਮਕੌਰ ਸਾਹਿਬ ਬਲਾਕ ਦੇ ਪਿੰਡ ਜਟਾਣਾ ਵਿਖੇ 16 ਅਗਸਤ ਨੂੰ ਹੋਣ ਵਾਲੀ ਛਿੰਝ ਤੇ ਸੱਭਿਆਚਾਰਕ ਮੇਲੇ ਲਈ ਪ੍ਰਸ਼ਾਸਨਿਕ  ਅਧਿਕਾਰੀਆਂ ਵੱਲੋਂ ਰਾਜਸੀ ਦਬਾਅ ਕਾਰਨ ਪ੍ਰਵਾਨਗੀਆਂ ਨਾ ਦੇਣ ਕਰਕੇ ਛਿੰਝ ਕਰਵਾਉਣ ਵਾਲੇ ਪ੍ਰਬੰਧਕਾਂ,  ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਨਹਿਰੀ ਪੁਲ ਤੇ ਸਵੇਰੇ 10 ਵਜੇ ਤੋ ਲੈਕੇ 5.00 ਵਜੇ ਤੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਟਰੈਫਿਕ ਜਾਮ ਕੀਤੀ ਗਈ। ਸਥਾਨਕ ਡੀਐਸਪੀ ਐਸਐਚਓ ਅਤੇ ਤਹਿਸੀਲਦਾਰ ਵੱਲੋਂ ਛਿੰਝ ਕਮੇਟੀ ਨੂੰ   ਅੱਜ 12 ਵਜੇ ਐਸਡੀਐਮ ਦਫਤਰ ਵਿੱਚ ਗੱਲਬਾਤ ਕਰਨ ਦਾ ਸੱਦਾ ਦੇਣ ਉਪਰੰਤ ਇਹ ਧਰਨਾ ਸਮਾਪਤ ਕੀਤਾ ਗਿਆ।  ਇਸ ਧਰਨੇ ਕਾਰਨ ਪੁਲਿਸ ਨੂੰ ਟਰੈਫਿਕ ਦੇ ਬਦਲਵੇਂ ਪ੍ਰਬੰਧ ਕਰਨੇ ਪਏ ।  ਧਰਨੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਉਚੇਚੇ ਤੌਰ ਤੇ ਪਹੁੰਚੇ। 

 ਸ੍ਰੀ  ਚੰਨੀ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛਿੰਝ ਮੇਲੇ ਪੰਜਾਬ ਦੀ ਵਿਰਾਸਤ ਦਾ ਅਹਿਮ ਅੰਗ ਹਨ  ਜਿਹੜੇ ਗੁਰੂਆਂ ਪੀਰਾਂ ਦੇ ਸਮੇਂ ਤੋਂ ਨਿਰੰਤਰ ਆਯੋਜਿਤ ਹੁੰਦੇ ਆ ਰਹੇ ਹਨ।  ਉਹਨਾਂ ਦੱਸਿਆ ਕਿ ਇਹਨਾਂ ਮੇਲਿਆਂ ਰਾਹੀਂ ਜਿੱਥੇ ਪਹਿਲਵਾਨਾਂ ਨੂੰ ਆਪੋ ਆਪਣੇ ਜੌਹਰ ਦਿਖਾਉਣ ਦਾ ਮੌਕਾ ਮਿਲਦਾ ਹੈ , ਉੱਥੇ ਹੀ ਆਪਸੀ ਭਾਈਚਾਰਕ ਸਾਂਝ ਵਿੱਚ ਵੀ ਵਾਧਾ ਹੁੰਦਾ  ਹੈ। ਸ੍ਰੀ ਚੰਨੀ ਨੇ ਕਿਹਾ ਕਿ ਪਿੰਡ ਜਟਾਣਾ ਵਿਖੇ ਲਗਭਗ 50 ਸਾਲਾਂ ਤੋਂ  ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛਿੰਝ ਹੁੰਦੀ ਆ  ਰਹੀ ਹੈ,  ਜਿਸ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਨਾਮੀ  ਪਹਿਲਵਾਨ ਸ਼ਮੂਲੀਅਤ ਕਰਦੇ ਹਨ,  ਪ੍ਰੰਤੂ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੀ ਕਥਿਤ ਸਰਪ੍ਰਸਤੀ ਹੇਠ ਪਿੰਡ ਜਟਾਣਾ  ਦੇ ਸਰਪੰਚ ਵੱਲੋਂ  ਇਸ ਛਿੰਝ ਕਾਰਨ ਪਿੰਡ ਵਿੱਚ ਗੜਬੜ  ਹੋਣ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦੇਣ ਨਾਲ ਸਥਾਨਕ ਸਿਵਲ ਤੇ ਪੁਲਿਸ ਪ੍ਰਸ਼ਾਸਨ ਛਿੰਝ ਕਮੇਟੀ ਨੂੰ  ਇਹ ਛਿੰਝ ਕਰਵਾਉਣ ਅਤੇ ਸਪੀਕਰ ਆਦਿ ਲਗਾਉਣ ਲਈ ਲੋੜੀਦੀਆਂ ਪ੍ਰਵਾਨਗੀਆਂ ਦੇਣ ਤੋਂ ਆਨਾ ਕਾਨੀ ਕਰ ਰਿਹਾ ਹੈ, ਜਦ ਕਿ ਛਿੰਝ ਕਮੇਟੀ ਹਲਕਾ ਵਿਧਾਇਕ ਤੇ ਲੋਕ ਸਭਾ ਮੈਂਬਰ ਸਮੇਤ ਸਥਾਨਕ ਐਸਡੀਐਮ, ਡੀਐਸਪੀ ਅਤੇ ਜਿਲੇ ਦੇ ਡਿਪਟੀ ਕਮਿਸ਼ਨਰ ਤੱਕ ਇਹ ਪ੍ਰਵਾਨਗਆਂ  ਲੈਣ ਲਈ ਨਿੱਜੀ ਤੌਰ ਤੇ ਪਹੁੰਚ ਕਰਕੇ ਦਰਖਾਸਤਾਂ ਦੇ ਚੁੱਕੀ ਹੈ । ਉਹਨਾਂ ਐਲਾਨ ਕੀਤਾ ਕਿ ਪ੍ਰਸ਼ਾਸਨਿਕ ਅਧਿਕਾਰੀ ਭਾਵੇਂ ਪਿੰਡ ਜਟਾਣਾ ਵਿਖੇ 16 ਅਗਸਤ ਨੂੰ ਹੋਣ ਵਾਲੀ ਛਿੰਝ ਲਈ ਪ੍ਰਵਾਨਗੀਆਂ ਜਾਰੀ ਕਰਨ ਜਾਂ ਨਾ ਕਰਨ ਪ੍ਰੰਤੂ ਇਹ ਛਿੰਜ ਹਰ ਹੀਲੇ ਕਰਵਾਈ ਜਾਵੇਗੀ ਅਤੇ ਉਹ ਖੁਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਛਿੰਝ ਵਿੱਚ ਹਾਜ਼ਰ ਰਹਿਣਗੇ। ਇਸ ਮੌਕੇ ਤੇ ਬੋਲਦਿਆਂ ਸ੍ਰੀ ਚਮਕੌਰ ਸਾਹਿਬ ਮੋਰਚੇ ਦੇ ਆਗੂ ਖੁਸ਼ਵਿੰਦਰ ਸਿੰਘ ਜੰਡ ਸਾਹਿਬ ਨੇ ਕਿਹਾ ਕਿ ਪਿੰਡ ਜਟਾਣਾ ਦੇ ਸਰਪੰਚ ਵੱਲੋਂ ਕਰਵਾਈ ਜਾਣ ਵਾਲੀ ਛਿੰਝ 18 ਅਗਸਤ ਨੂੰ ਰੱਖੀ ਗਈ ਹੈ ਜਦਕਿ ਛਿੰਜ ਕਮੇਟੀ ਵੱਲੋਂ ਇਹ ਛਿੰਝ ਦੋ ਦਿਨ ਪਹਿਲਾਂ 16 ਅਗਸਤ ਨੂੰ ਕਰਵਾਈ ਜਾਣੀ ਹੈ।  ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਜੇਕਰ 16 ਅਗਸਤ ਨੂੰ ਕਰਵਾਈ ਜਾਣ ਵਾਲੀ ਛਿੰਝ ਵਿੱਚ ਗੜਬੜ ਹੋਣ ਦਾ ਖਤਰਾ ਹੈ ਤਾਂ 18 ਅਗਸਤ ਵਾਲੀ ਛਿੰਝ ਵਿੱਚ ਗੜਬੜ ਨਾ ਹੋਣ ਦੀ ਕੀ ਗਰੰਟੀ ਹੈ ? ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤਿਕ ਲੋਕਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਆਪਣੀ ਆਜ਼ਾਦ ਸੋਚ ਅਨੁਸਾਰ ਲੋਕ ਸੇਵਾ ਕਰਨ ਤਾਂ ਜੋ ਲੋਕਾਂ ਨੂੰ ਲਾਊਡ  ਸਪੀਕਰ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਸੜਕਾਂ ਰੋਕਣ ਲਈ ਮਜਬੂਰ ਨਾ ਹੋਣਾ ਪਵੇ ।ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜੁਝਾਰ ਸਿੰਘ ਗਧਰਾਮ, ਦਰਸ਼ਨ ਸਿੰਘ ਸੰਧੂ, ਗੁਰਚਰਨ ਸਿੰਘ ਮਾਣੇਮਾਜਰਾ, ਤਾਰਾ ਚੰਦ ਜੰਡਸਾਹਿਬ, ਜਸਬੀਰ ਸਿੰਘ ਜਟਾਣਾ ਸਾਬਕਾ ਸੰਮਤੀ ਮੈਂਬਰ , ਭੁਪਿੰਦਰ ਸਿੰਘ ਜਟਾਣਾ, ਦਵਿੰਦਰ ਸਿੰਘ ਬਰਸਾਲਪੁਰ, ਗੁਰਪ੍ਰੀਤ ਸਿੰਘ ਭੂਰੜੇ ਅਤੇ ਗੁਰਦਰਸ਼ਨ ਸਿੰਘ ਢੋਲਣਮਾਜਰਾ,  ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਤੇ ਇਲਾਕਾ ਨਿਵਾਸੀ ਹਾਜ਼ਰ ਸਨ। ਉਧਰ ਇਸ ਸਬੰਧੀ ਸੰਪਰਕ ਕਰਨ ਤੇ ਡੀਐਸ ਪੀ ਸ੍ਰੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਵੱਲੋਂ ਤਹਿਸੀਲਦਾਰ ਰਮਨ ਕੁਮਾਰ ਅਤੇ ਐਸਐਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਸਮੇਤ ਇਸ ਛਿੰਝ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਵੇਰੇ 12 ਵਜੇ ਐਸਡੀਐਮ ਦਫਤਰ ਬੁਲਾਇਆ ਗਿਆ ਹੈ ਤਾਂ ਜੋ ਪਿੰਡ ਵਿੱਚ 2 ਵੱਖ ਵੱਖ ਦਿਨ ਹੋਣ ਵਾਲੀ ਛਿੰਝ ਨੂੰ ਸਮੂਹ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਇੱਕ ਦਿਨ ਹੀ ਮਨਾਇਆ ਜਾ ਸਕੇ ਅਤੇ ਪਿੰਡ ਵਿੱਚ ਭਾਈਚਾਰਕ ਸਾਂਝ ਬਣੀ ਰਹੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।