ਚੰਡੀਗੜ੍ਹ, 11 ਅਗਸਤ, ਦੇਸ਼ ਕਲਿੱਕ ਬਿਓਰੋ :
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਭਰਤੀ ਕਮੇਟੀ ਨੇ ਭਾਰਤੀ ਕੀਤੇ ਜਾਣ ਤੋਂ ਬਾਅਦ ਅੱਜ ਅਜਲਾਸ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਉਤੇ ਪੋਸਟ ਕਰਕੇ ਕਿਹਾ ਕਿ ਇਹ ਸਿਰਫ ਮੇਰੇ ਲਈ ਇਕ ਮੌਕਾ ਨਹੀਂ, ਸਗੋਂ ਪੰਥਕ ਸੇਵਾ ਦੀ ਇਕ ਵੱਡੀ ਜ਼ਿੰਮੇਵਾਰੀ ਹੈ।
ਉਨ੍ਹਾਂ ਸੋਸ਼ਲ ਮੀਡੀਆ ਉਤੇ ਲਿਖਿਆ,
‘ਅਕਾਲ ਪੁਰਖ ਵਾਹਿਗੁਰੂ ਦੀ ਅਸੀਮ ਕਿਰਪਾ ਅਤੇ ਸਾਰੀ ਸਿੱਖ ਸੰਗਤ ਦੇ ਪਿਆਰ, ਭਰੋਸੇ ਅਤੇ ਅਸੀਸਾਂ ਨਾਲ, ਮੈਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਦਾ ਮੌਕਾ ਮਿਲਿਆ ਹੈ। ਇਹ ਸਿਰਫ ਮੇਰੇ ਲਈ ਇਕ ਮੌਕਾ ਨਹੀਂ, ਸਗੋਂ ਪੰਥਕ ਸੇਵਾ ਦੀ ਇਕ ਵੱਡੀ ਜ਼ਿੰਮੇਵਾਰੀ ਹੈ।
ਮੈਨੂੰ ਪੂਰਾ ਯਕੀਨ ਹੈ ਕਿ ਗੁਰੂ ਸਾਹਿਬ ਦੀ ਰਹਿਮਤ ਅਤੇ ਸਮੂਹ ਸੰਗਤ ਦੀ ਸਾਂਝ ਨਾਲ ਅਸੀਂ ਪੰਥਕ ਏਕਤਾ, ਗੁਰਮੱਤਿ ਮੂਲਾਂ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਮਿਲ ਕੇ ਕੰਮ ਕਰਾਂਗੇ।
ਇਹ ਸੇਵਾ ਸਾਡੇ ਸਾਰਿਆਂ ਦੀ ਸਾਂਝੀ ਹੈ, ਤੇ ਇਹ ਯਾਤਰਾ ਗੁਰੂ ਦੇ ਦਰ ਤੇ ਨਿਮਰਤਾ ਨਾਲ ਸ਼ੁਰੂ ਹੁੰਦੀ ਹੈ। ਤੁਹਾਡੇ ਪਿਆਰ ਤੇ ਅਸੀਸਾਂ ਲਈ ਦਿਲੋਂ ਧੰਨਵਾਦ।