ਜਗਰਾਓਂ, 11 ਅਗਸਤ, ਦੇਸ਼ ਕਲਿਕ ਬਿਊਰੋ :
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਜਗਰਾਓਂ ਦੇ ਐਸਐਸਪੀ ਡਾ. ਅੰਕੁਰ ਗੁਪਤਾ ਨੂੰ 20,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਉਨ੍ਹਾਂ ਨੂੰ 18 ਅਗਸਤ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਗਿਆ ਹੈ।
ਪੀੜਤ ਸੁਖਦੇਵ ਸਿੰਘ ਉਰਫ਼ ਹੈਪੀ, ਵਾਸੀ ਮੰਡੀ ਮੁੱਲਾਂਪੁਰ ਨੇ ਕਿਹਾ ਕਿ ਉਹ 2016 ਤੋਂ ਇੱਕ ਮਾਮਲੇ ਵਿੱਚ ਇਨਸਾਫ਼ ਲੈਣ ਲਈ ਪੁਲਿਸ ਪ੍ਰਸ਼ਾਸਨ ਦੇ ਚੱਕਰ ਲਗਾ ਰਿਹਾ ਹੈ, ਪਰ ਜਦੋਂ ਉਸਨੂੰ ਇਨਸਾਫ਼ ਨਹੀਂ ਮਿਲਿਆ ਤਾਂ ਉਸਨੇ ਮਾਣਯੋਗ ਹਾਈ ਕੋਰਟ ਦਾ ਸਹਾਰਾ ਲਿਆ।
ਉਨ੍ਹਾਂ ਦੱਸਿਆ ਕਿ ਹਾਈ ਕੋਰਟ ਨੇ ਉਨ੍ਹਾਂ ਦੇ ਕੇਸ ਨੂੰ ਗੰਭੀਰਤਾ ਨਾਲ ਲਿਆ ਅਤੇ ਜਦੋਂ ਇਸਦੀ ਜਾਂਚ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦੀ ਡਿਊਟੀ ਵਿੱਚ ਲਾਪਰਵਾਹੀ ਸਾਹਮਣੇ ਆਈ, ਕਿਉਂਕਿ ਉਨ੍ਹਾਂ ਨੇ ਪੁਲਿਸ ਮੁਖੀ ਨਵਨੀਤ ਸਿੰਘ ਬੈਂਸ, ਜਸਜੋਤ ਸਿੰਘ ਡੀਐਸਪੀ, ਪੁਲਿਸ ਸੁਪਰਡੈਂਟ ਗੁਰਦੀਪ ਸਿੰਘ ਗੋਸਲ ਅਤੇ ਇੰਸਪੈਕਟਰ ਜਸਵੀਰ ਸਿੰਘ ਵਿਰੁੱਧ ਹਾਈ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ‘ਤੇ 29 ਜੁਲਾਈ, ਨੂੰ ਮਾਣਯੋਗ ਅਦਾਲਤ ਅਲਕਾ ਸਰੀਨ ਨੇ ਪੁਲਿਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਅਤੇ ਪੁਲਿਸ ਮੁਖੀ ਜਗਰਾਉਂ ਡਾ. ਅੰਕੁਰ ਗੁਪਤਾ ਆਈਪੀਐਸ ਤੋਂ ਮਾਮਲੇ ਦੀ ਨਵੀਂ ਰਿਪੋਰਟ ਮੰਗੀ।
ਪੁਲਿਸ ਵੱਲੋਂ ਕਾਰਵਾਈ ਨਾ ਕਰਨ ਕਾਰਨ, ਅਦਾਲਤ ਨੇ ਐਸਐਸਪੀ ਜਗਰਾਉਂ ‘ਤੇ 20,000 ਰੁਪਏ ਦਾ ਜੁਰਮਾਨਾ ਲਗਾਇਆ ਅਤੇ 18 ਅਗਸਤ, 2025 ਨੂੰ ਨਿੱਜੀ ਤੌਰ ‘ਤੇ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਵੀ ਜਾਰੀ ਕੀਤਾ।
