ਗਾਜ਼ਾ ਵਿੱਚ ਪੱਤਰਕਾਰਾਂ ਦੇ ਕਤਲੇਆਮ ਖ਼ਿਲਾਫ਼ ਆਵਾਜ਼ ਉਠਾਓ: ਦੇਸ਼ ਭਗਤ ਕਮੇਟੀ

ਕੌਮਾਂਤਰੀ ਪੰਜਾਬ ਰਾਸ਼ਟਰੀ

ਜਲੰਧਰ: 12 ਅਗਸਤ, ਦੇਸ਼ ਕਲਿੱਕ ਬਿਓਰੋ

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਗਾਜ਼ਾ ਖੇਤਰ ਦੀ ਦੁਰਲੱਭ ਹਕੀਕੀ ਤਸਵੀਰ ਦੁਨੀਆਂ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ਨੂੰ ਡਰੋਨ ਹਮਲੇ ਦਾ ਚੋਣਵਾਂ ਨਿਸ਼ਾਨਾ ਬਣਾਇਆ ਜਾਣਾ ਅਤੇ ਬੁਜ਼ਦਿਲਾਨਾ ਕਾਰੇ ਦੀ ਬੇਹਯਾਈ ਨਾਲ ਜ਼ਿੰਮੇਵਾਰੀ ਵੀ ਚੁੱਕਣਾ ਇਹ ਦਰਸਾਉਂਦਾ ਹੈ ਕਿ ਅਮਰੀਕੀ ਹਾਕਮਾਂ ਦਾ ਥਾਪੜਾ ਪ੍ਰਾਪਤ ਇਜ਼ਰਾਈਲੀ ਹਾਕਮ, ਦੁਨੀਆਂ ਦੇ ਲੋਕਾਂ ਨੂੰ ਸੁਣਾਉਣੀ ਕਰ ਰਹੇ ਹਨ ਕਿ ਜੇ ਕਿਤੇ ਵੀ ਕੋਈ ਵੀ ਪੱਤਰਕਾਰ, ਕਲਮਕਾਰ, ਪ੍ਰੈਸ ਫੋਟੋਗਰਾਫ਼ਰ, ਸਮਾਜਿਕ ਜਮਹੂਰੀ ਕਾਮਾਂ ਲੋਕਾਂ ਦੇ ਹਿੱਤ ਵਿੱਚ ਹਕ਼ੀਕ਼ਤ ਉਪਰ ਰੌਸ਼ਨੀ ਪਾਏਗਾ ਉਸਦਾ ਇਹੋ ਹਸ਼ਰ ਹੋਏਗਾ।

ਲੋਕਾਂ ਦੀ ਜ਼ੁਬਾਨਬੰਦੀ ਅਤੇ ਜਮਹੂਰੀ ਹੱਕਾਂ ਦੇ ਘਾਣ ਦਾ ਇਹ ਵਰਤਾਰਾ ਦੁਨੀਆਂ ਭਰ ਦੀਆਂ ਇਨਸਾਫ਼ ਪਸੰਦ ਅਤੇ ਜਮਹੂਰੀਅਤ ਪਸੰਦ ਸ਼ਕਤੀਆਂ ਨੂੰ ਤਿੱਖੀ ਵੰਗਾਰ ਹੈ।
ਉਹਨਾਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦਾ ਵਿਚਾਰ ਹੈ ਕਿ ਪੱਤਰਕਾਰਾਂ ਦੀ ਕਰਨੀ ਨੂੰ ਸਿਜਦਾ ਕਰਨ ਲਈ ਕਾਲਜਾਂ, ਯੂਨੀਵਰਸਿਟੀਆਂ, ਪਿੰਡਾਂ ਸ਼ਹਿਰਾਂ ਅਤੇ ਆਪਣੀਆਂ ਚੱਲਦੀਆਂ ਲੋਕ ਸਰਗਰਮੀਆਂ ਦਾ ਹਿੱਸਾ ਬਣਾਉਂਦੇ ਹੋਏ ਉਹਨਾਂ ਸੂਰਮੇ ਪੱਤਰਕਾਰਾਂ ਨੂੰ ਸਲਾਮ ਕਰਨੀ ਬਣਦੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦਾ ਵਿਚਾਰ ਹੈ ਕਿ ਸਾਮਰਾਜੀ ਸਿੱਧੇ ਅਸਿੱਧੇ ਧਾਵੇ ਕਰਕੇ ਜਿਵੇਂ ਪੂਰੀ ਦੁਨੀਆਂ ਨੂੰ ਆਪਣੇ ਗੋਡਿਆਂ ਹੇਠ ਲੈਣਾ ਚਾਹੁੰਦੇ ਨੇ ਇਸ ਵਰਤਾਰੇ ਖਿਲਾਫ਼ ਨਾਬਰੀ ਦੀ ਆਵਾਜ਼ ਬਣਦੇ ਸਭਨਾਂ ਪੱਤਰਕਾਰਾਂ ਅਤੇ ਲੋਕ ਪੱਖੀ ਤਾਕਤਾਂ ਨੂੰ ਇਹ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਕੋਈ ਵੀ ਸਾਡੇ ਖਿਲਾਫ਼ ਆਵਾਜ਼ ਬੁਲੰਦ ਕਰੇਗਾ ਤਾਂ ਅਗਲਾ ਨੰਬਰ ਉਸਦਾ ਹੋਏਗਾ।
ਕਮੇਟੀ ਨੇ ਇਸ ਹੱਲੇ ਖ਼ਿਲਾਫ਼ ਖੜ੍ਹੇ ਹੋਣ ਅਤੇ ਗ਼ਦਰੀ ਬਾਬਿਆਂ ਦੀ ਵਿਰਾਸਤ ਨੂੰ ਬੁਲੰਦ ਕਰਨ ਦੀ ਲੋੜ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।