ਸਹਿਯੋਗ ਲਈ ਨਾਬਾਰਡ ਦਾ ਧੰਨਵਾਦ- ਅਜਿਹੀਆਂ ਹੋਰ ਪਹਿਲਕਦਮੀਆਂ ਕਰਨ ਦੀ ਅਪੀਲ ਕੀਤੀ
ਮੋਹਾਲੀ, 13 ਅਗਸਤ: ਦੇਸ਼ ਕਲਿੱਕ ਬਿਓਰੋ
ਅੱਜ 25 ਮਹਿਲਾ ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ) ਦੀ ਇੱਕ ਸੰਸਥਾ, ਮਹਿਲਾ ਏਕਤਾ ਫੂਡ ਪ੍ਰੋਡਿਊਸਰ ਕੰਪਨੀ ਦੁਆਰਾ ਤਿਆਰ ਕੀਤੇ ਗਏ ਖੁਰਾਕੀ ਉਤਪਾਦਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ “ਮੋਬਾਈਲ ਰੂਰਲ ਮਾਰਟ” ਲਾਂਚ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ 2.37 ਲੱਖ ਰੁਪਏ ਦੇ ਪ੍ਰੋਜੈਕਟ ਲਈ 1.37 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਲਈ ਨਾਬਾਰਡ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਪਹਿਲਕਦਮੀ ਮਹਿਲਾ ਉੱਦਮੀਆਂ ਨੂੰ ਮੋਹਾਲੀ ਅਤੇ ਖਰੜ ਵਰਗੇ ਸ਼ਹਿਰੀ ਖੇਤਰਾਂ ਵਿੱਚ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਦੇ ਯੋਗ ਬਣਾਏਗੀ।
ਭੈਣਾਂ ਦਾ ਫਾਰਮ- ਇੱਕ ਐਫ.ਪੀ.ਓ ਜੋ ਸਵੈ-ਸਹਾਇਤਾ ਸਮੂਹਾਂ ਦੁਆਰਾ ਬਣਾਇਆ ਗਿਆ ਹੈ ਅਤੇ ਪਿਛਲੇ ਚਾਰ ਸਾਲਾਂ ਤੋਂ ਸਰਗਰਮ ਹੈ, ਦੀ ਸਫਲਤਾ ਬਾਰੇ ਦੱਸਦੇ ਹੋਏ, ਉਨਾਂ ਨੇ ਕਿਹਾ ਕਿ ਔਰਤਾਂ ਦੀ ਅਗਵਾਈ ਵਾਲੇ ਸਵੈ-ਸਹਾਇਤਾ ਸਮੂਹਾਂ ਲਈ ਸਭ ਤੋਂ ਵੱਡੀ ਚੁਣੌਤੀ ਮਾਰਕੀਟਿੰਗ ਦੇ ਮੌਕਿਆਂ ਤੱਕ ਪਹੁੰਚ ਦੀ ਹੈ, ਜਿਸ ਨੂੰ ਇਹ ਮੋਬਾਈਲ ਮਾਰਟ ਹੱਲ ਕਰਨ ਵਿੱਚ ਮਦਦ ਕਰੇਗਾ।
ਡਿਪਟੀ ਕਮਿਸ਼ਨਰ ਨੇ ਏ.ਡੀ.ਸੀ (ਪੇਂਡੂ ਵਿਕਾਸ) ਸੋਨਮ ਚੌਧਰੀ ਨੂੰ ਜ਼ਿਲ੍ਹੇ ਦੇ ਹੋਰ ਉੱਚ-ਪ੍ਰਦਰਸ਼ਨ ਵਾਲੇ ਸਵੈ-ਸਹਾਇਤਾ ਸਮੂਹਾਂ ਲਈ ਵੀ ਇਸੇ ਤਰ੍ਹਾਂ ਦੇ ਨਵੀਨਤਾਕਾਰੀ ਮਾਰਕੀਟਿੰਗ ਮਾਡਲਾਂ ਦੀ ਸੰਭਾਵਨਾ ਲੱਭਣ ਦੇ ਨਿਰਦੇਸ਼ ਦਿੱਤੇ।
ਲੀਡ ਜ਼ਿਲ੍ਹਾ ਮੈਨੇਜਰ ਐਮ.ਕੇ. ਭਾਰਦਵਾਜ ਨੇ ਅਜਿਹੀਆਂ ਪਹਿਲਕਦਮੀਆਂ ਲਈ ਬੈਂਕਿੰਗ ਖੇਤਰ ਵੱਲੋਂ ਨਿਰੰਤਰ ਸਹਾਇਤਾ ਦਾ ਭਰੋਸਾ ਦਿੱਤਾ।
ਇਸ ਮੌਕੇ ਏ.ਡੀ.ਸੀ (ਜ) ਗੀਤਿਕਾ ਸਿੰਘ, ਸ਼੍ਰੀਮਤੀ ਦੀਪਿਕਾ (ਪ੍ਰਧਾਨ, ਐਨ.ਜੀ.ਓ ਮਹਿਲਾ ਕਲਿਆਣ ਸਮਿਤੀ), ਅਤੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰ ਵੀ ਮੌਜੂਦ ਸਨ।