ਚੰਡੀਗੜ੍ਹ, 13 ਅਗਸਤ, ਦੇਸ਼ ਕਲਿੱਕ ਬਿਓਰੋ :
ਪਨਬੱਸ/ਪੀ ਆਰ ਟੀ ਸੀ ਮੁਲਾਜ਼ਮ ਯੂਨੀਅਨ ਦੀ ਸਰਕਾਰ ਨਾਲ ਹੋਈ ਮੀਟਿੰਗ ਬੇਸ਼ਿੱਟਾ ਰਹੀ। ਇਸ ਤੋਂ ਬਾਅਦ ਯੂਨੀਅਨ ਵੱਲੋਂ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਸਰਕਾਰ ਮੀਟਿੰਗ ਵਿੱਚ ਪਿਛਲੇ ਸਮੇਂ ਦੀ ਤਰ੍ਹਾਂ ਟਾਲਮਟਲੋ ਦੀ ਨੀਤੀ ਅਪਣਾ ਕੇ ਸਮਾਂ ਟਪਾਉਣ ਦੀ ਕੋਸ਼ਿਸ ਕਰਤੀ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਮੰਗਾਂ ਦਾ ਹੱਲ ਕਰਨ ਉਤੇ ਲਗਾਤਾਰ ਅਸਫਲ ਰਹੀ ਹੈ।
ਇਸ ਤੋਂ ਬਾਅਦ ਰੋਸ ਵਜੋਂ ਜਥੇਬੰਦੀ ਵੱਲੋ ਪਹਿਲਾਂ ਤੋਂ ਉਲੀਕੇ ਐਕਸ਼ਨਾਂ ਅਨੁਸਾਰ ਭਲਕੇ ਮਿਤੀ 14 ਅਗਸਤ 2025 ਨੂੰ ਪਹਿਲੇ ਟਾਇਮ ਤੋਂ ਹੜਤਾਲ ਕਰਕੇ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ। ਚੱਕਾ ਜਾਮ ਕਰਕੇ ਡਿੱਪੂ ਵਾਈਜ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ 15 ਅਗਸਤ 2025 ਨੂੰ ਅਜ਼ਾਦੀ ਦਿਹਾੜੇ ਨੂੰ ਗੁਲਾਮੀ ਦਿਵਸ ਵਜੋਂ ਮਨਾਉਂਦੇ ਹੋਏ ਜਿਥੇ ਵੀ ਮੁੱਖ ਮੰਤਰੀ, ਟਰਾਂਸਪੋਰਟ ਮੰਤਰੀ ਪੰਜਾਬ, ਸਮੇਤ ਕੈਬਨਿਟ ਮੰਤਰੀ ਜਿਥੇ ਵੀ ਝੰਡਾ ਲਹਿਰਾਉਣ ਆਉਣਗੇ ਉਥੇ ਕਾਲੇ ਝੋਲੇ ਪਾਕੇ ਕਾਲੀਆਂ ਝੰਡੀਆ ਲੈਕੇ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਠੇਕੇਦਾਰ ਵਿਚੋਲਿਆਂ ਦੀ ਗੁਲਾਮੀ ਅਤੇ ਪ੍ਰਾਈਵੇਟ ਕਿਲੋਮੀਟਰ ਬੱਸਾ ਨਾਲ ਵਿਭਾਗ ਦੇ ਕੀਤੇ ਜਾ ਰਹੇ ਨਿੱਜੀਕਰਨ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਰੋਸ ਵਿੱਚ ਮੁਲਾਜ਼ਮਾਂ ਵੱਲੋ ਠੇਕੇਦਾਰੀ ਸਿਸਟਮ ਦੀ ਗੁਲਾਮੀ ਵਿੱਚੋਂ ਕੱਢ ਕੇ ਆਜ਼ਾਦੀ ਦੀ ਮੰਗ ਕਰਦੇ ਹੋਏ ਸਵਾਲ ਕਰਨਗੇ।