ਅੰਮ੍ਰਿਤਸਰ, 15 ਅਗਸਤ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਗੱਡੀ ਨੂੰ ਅੰਬਾਲਾ ਕੈਂਟ ਸਟੇਸ਼ਨ ‘ਤੇ ਰੋਕ ਦਿੱਤਾ ਗਿਆ ਸੀ। ਹਾਲ ਹੀ ਵਿੱਚ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਲੋਕਾਂ ਨੂੰ ਧਮਕੀ ਦਿੱਤੀ ਸੀ ਕਿ ਉਹ 15 ਅਗਸਤ ਨੂੰ ਦਿੱਲੀ ਜਾਣ ਵਾਲੀਆਂ ਰੇਲਗੱਡੀਆਂ ਵਿੱਚ ਯਾਤਰਾ ਨਾ ਕਰਨ।
ਅੰਬਾਲਾ ਪੁਲਿਸ, ਬੰਬ ਡਿਸਪੋਜ਼ਲ ਸਕੁਐਡ, ਆਰਪੀਐਫ ਅਤੇ ਜੀਆਰਪੀ ਟੀਮਾਂ ਨੇ ਲਗਭਗ ਡੇਢ ਘੰਟੇ ਤੱਕ ਰੇਲਗੱਡੀ ਦੀ ਤਲਾਸ਼ੀ ਲਈ। ਰੇਲਗੱਡੀ ਸਵੇਰੇ 4:55 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਈ ਅਤੇ ਸਵੇਰੇ 8:31 ਵਜੇ ਦੇ ਨਿਰਧਾਰਤ ਸਮੇਂ ‘ਤੇ ਅੰਬਾਲਾ ਪਹੁੰਚੀ। ਇਸ ਦੌਰਾਨ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਬੰਬ ਸਕੁਐਡ ਵੱਲੋਂ ਰੇਲਗੱਡੀ ਦੇ ਹਰ ਡੱਬੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਇਸ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਜਿਸ ਤੋਂ ਬਾਅਦ ਰੇਲਗੱਡੀ ਨੂੰ ਰਵਾਨਾ ਕਰ ਦਿੱਤਾ ਗਿਆ। ਇਸ ਸਮੇਂ ਅੰਬਾਲਾ ਸਟੇਸ਼ਨ ‘ਤੇ ਸੁਰੱਖਿਆ ਪ੍ਰਬੰਧ ਵੀ ਸਖ਼ਤ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ 15 ਅਗਸਤ ਲਈ ਇੱਕ ਰੁਟੀਨ ਚੈਕਿੰਗ ਸੀ।
