ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਨੇ ਕਿਹਾ, ਧੰਨਵਾਦ
ਫਾਜ਼ਿਲਕਾ, 15 ਅਗਸਤ, ਦੇਸ਼ ਕਲਿੱਕ ਬਿਓਰੋ
ਸਤਲੁਜ ਦੀ ਕਰੀਕ ਵਿਚ ਪਾਣੀ ਆਉਣ ਦੇ ਨਾਲ ਨਾਲ ਇਸ ਵਿਚ ਕੇਲੀ (ਜਲ ਬੂਟੀ) ਆ ਜਾਣ ਨਾਲ ਪਿੰਡ ਗੁੱਦੜ ਭੈਣੀ ਕੋਲ ਦਰਿਆ ਵਿਚ ਡਾਫ ਲੱਗ ਗਈ ਸੀ। ਜਿਸ ਨੂੰ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਦੇ ਐਸਡੀਐਮ ਵੀਰਪਾਲ ਕੌਰ ਅਤੇ ਜਲਾਲਾਬਾਦ ਦੇ ਐਸਡੀਐਮ ਕੰਵਰਜੀਤ ਸਿੰਘ ਮਾਨ ਦੀ ਅਗਵਾਈ ਵਿਚ ਵਿਭਾਗੀ ਟੀਮ ਨੇ ਕਿਸਾਨਾਂ ਦੀ ਮੰਗ ਅਨੁਸਾਰ ਇਸ ਕੇਲੀ ਨੂੰ ਹਟਾਉਣ ਲਈ ਤੇਜੀ ਨਾਲ ਕਾਰਵਾਈ ਕੀਤੀ ਤਾਂ ਜੋ ਪਾਣੀ ਦੇ ਪ੍ਰਵਾਹ ਵਿਚ ਰੁਕਾਵਟ ਨਾ ਆਵੇ।
ਇਸ ਤੇਜੀ ਨਾਲ ਕੀਤੀ ਗਈ ਕਾਰਵਾਈ ਕਾਰਨ ਕਿਸਾਨਾਂ ਦੀਆਂ ਫਸਲਾਂ ਪਾਣੀ ਵਿਚ ਡੁੱਬਣ ਤੋਂ ਬਚ ਗਈਆਂ। ਸੁਖਦੇਵ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਗੁੱਦੜ ਭੈਣੀ ਦੇ ਦਰਿਆਂ ਸਤਲੁਜ ਦੀ ਫਾਟ ਕੰਡਿਆਲੀ ਤਾਰ ਦੇ ਹੇਠ ਬਣੇ ਹੈਡ ਦੇ ਗੇਟ ਖੋਲ੍ਹ ਕੇ ਕਿਸਾਨਾਂ ਦੀਆਂ ਫਸਲਾਂ ਨੂੰ ਹੜ੍ਹਾਂ ਦੇ ਪਾਣੀ ਤੋਂ ਡੁੱਬਣ ਤੋਂ ਬਚਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ,ਐਸ ਡੀ ਐਮ ਫਾਜ਼ਿਲਕਾ ਵੀਰਪਾਲ ਕੌਰ ਅਤੇ ਐਸ ਡੀ ਐਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ ਦਾ ਬਾਰਡਰ ਏਰੀਆ ਕਿਸਾਨ ਯੂਨੀਅਨ ਵੱਲੋਂ ਅਤੇ ਸਮੂਹ ਕਿਸਾਨਾਂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਡ੍ਰੇਨਜ ਵਿਭਾਗ ਵੱਲੋਂ ਕਾਰਜਕਾਰੀ ਇੰਜਨੀਅਰ ਗੁਰਵੀਰ ਸਿੰਘ ਸਿੱਧੂ ਦੀ ਟੀਮ ਨੇ ਵੀ ਇਸ ਮੁਸਕਿਲ ਕਾਰਜ ਨੂੰ ਤੇਜੀ ਨਾਲ ਕਰਕੇ ਕਿਸਾਨਾਂ ਦੀ ਮਦਦ ਕੀਤੀ।
