ਮੋਹਾਲੀ, 15 ਅਗਸਤ, ਦੇਸ਼ ਕਲਿਕ ਬਿਊਰੋ :
ਮੋਹਾਲੀ ਦੇ ਸੈਕਟਰ-68 ਸਥਿਤ ਇੱਕ ਨਾਮੀ ਹਸਪਤਾਲ ਦੀ ਨਰਸ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸਪਨਾ (25) ਵਜੋਂ ਹੋਈ ਹੈ, ਜੋ ਰੋਪੜ ਜ਼ਿਲ੍ਹੇ ਦੇ ਸ੍ਰੀ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਸੀ। ਪੁਲਿਸ ਨੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ।
ਹਸਪਤਾਲ ਦਾ ਸਟਾਫ ਹੋਸਟਲ ਸੈਕਟਰ-68 ਵਿੱਚ ਹੈ, ਜਿੱਥੇ ਸਪਨਾ ਦੋ-ਤਿੰਨ ਹੋਰ ਕੁੜੀਆਂ ਨਾਲ ਰਹਿੰਦੀ ਸੀ। ਘਟਨਾ ਸਮੇਂ ਉਸਦੀ ਰੂਮਮੇਟ ਆਪਣੇ ਘਰ ਗਈ ਹੋਈ ਸੀ। ਜਦੋਂ ਸਪਨਾ ਆਪਣੀ ਡਿਊਟੀ ‘ਤੇ ਨਹੀਂ ਪਹੁੰਚੀ ਤਾਂ ਹਸਪਤਾਲ ਨੇ ਉਸਨੂੰ ਫੋਨ ਕੀਤਾ, ਪਰ ਫੋਨ ਨਹੀਂ ਚੁੱਕਿਆ।
ਇਸ ਤੋਂ ਬਾਅਦ ਮੈਨੇਜਮੈਂਟ ਨੇ ਹੋਸਟਲ ਦੇ ਸੁਰੱਖਿਆ ਗਾਰਡ ਨੂੰ ਭੇਜਿਆ। ਗਾਰਡ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਅੰਦਰ ਗਈ। ਉੱਥੇ ਸਪਨਾ ਫੰਦੇ ਨਾਲ ਲਟਕਦੀ ਮਿਲੀ ਅਤੇ ਉਸਦੀ ਲਾਸ਼ ਨੀਲੀ ਪੈ ਗਈ ਸੀ।
ਫੇਜ਼-8 ਥਾਣੇ ਦੇ ਐਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਤੋਂ ਫੋਨ ਆਇਆ ਸੀ। ਜਿੱਥੇ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਪੋਸਟਮਾਰਟਮ ਅੱਜ ਕੀਤਾ ਜਾਵੇਗਾ, ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।
