ਚੰਡੀਗੜ੍ਹ/ਰੂਪਨਗਰ, 15 ਅਗਸਤ: ਦੇਸ਼ ਕਲਿੱਕ ਬਿਓਰੋ
ਆਜ਼ਾਦੀ ਦੇ 79ਵੇਂ ਦਿਹਾੜੇ ਮੌਕੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵਿੱਤ, ਯੋਜਨਾਬੰਦੀ, ਆਬਕਾਰੀ ਤੇ ਕਰ ਵਿਭਾਗਾਂ ਦੇ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਗਈ।
ਇਸ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ. ਗੁਲਨੀਤ ਸਿੰਘ ਖੁਰਾਣਾ ਵਲੋਂ ਉਨ੍ਹਾਂ ਨੂੰ ਐਸਕੋਰਟ ਕਰਕੇ ਪਰੇਡ ਦਾ ਨਿਰੀਖਣ ਕਰਨ ਲਈ ਲਜਾਇਆ ਗਿਆ। ਡੀ.ਐਸ.ਪੀ. ਸ. ਜਸ਼ਨਦੀਪ ਸਿੰਘ ਮਾਨ ਦੀ ਅਗਵਾਈ ਹੇਠ ਵੱਖ-ਵੱਖ ਟੁਕੜੀਆਂ ਵਲੋਂ ਸਲਾਮੀ ਦਿੱਤੀ ਗਈ। ਜਿਸ ਵਿਚ ਪੰਜਾਬ ਪੁਲਿਸ ਪੁਰਸ਼, ਪੰਜਾਬ ਪੁਲਿਸ ਮਹਿਲਾ, ਪੰਜਾਬ ਹੋਮ ਗਾਰਡਜ਼, ਵੱਖ-ਵੱਖ ਸਕੂਲਾਂ ਅਤੇ ਬੈਂਡ ਦੀ ਟੁਕੜੀਆਂ ਵਲੋਂ ਮਾਰਚ ਪਾਸਟ ਵਿਚ ਹਿੱਸਾ ਲਿਆ ਗਿਆ।
ਇਸ ਸਮਾਰੋਹ ਮੌਕੇ ਵਿੱਤ, ਯੋਜਨਾਬੰਦੀ, ਆਬਕਾਰੀ ਤੇ ਕਰ ਵਿਭਾਗਾਂ ਦੇ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਸਦਕਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੁਣੀ ਗਈ ਪੰਜਾਬ ਸਰਕਾਰ ਸੂਬੇ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਗਤਾਂ ਨੂੰ ਯਾਦ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਮੋਹਾਲੀ ਕੌਮਾਂਤਰੀ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਉੱਤੇ ਰੱਖਿਆ ਗਿਆ ਅਤੇ ਇੱਥੇ ਸ਼ਹੀਦ-ਏ-ਆਜ਼ਮ ਦਾ ਬੁੱਤ ਲਾਇਆ ਗਿਆ, ਇਸਦੇ ਨਾਲ ਹੀ ਸਾਰੇ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀਆਂ ਤਸਵੀਰਾਂ ਲਾਈਆਂ ਗਈਆਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ, ਸਿਹਤ ਤੇ ਰੋਜ਼ਗਾਰ ਤੋਂ ਇਲਾਵਾ ਹਰ ਇੱਕ ਖੇਤਰ ਵਿੱਚ ਲਾਮਿਸਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਹੁਣ ਤੱਕ 55 ਹਜ਼ਾਰ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਪੰਜਾਬ ਨੇ ਸਿੱਖਿਆ ਦੇ ਨੈਸ਼ਨਲ ਐਚੀਵਮੈਂਟ ਸਰਵੇ 2024 ਵਿੱਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਕੇਰਲਾ ਵਰਗੇ ਸੂਬੇ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਇਸ ਸਾਲ ਸਰਕਾਰੀ ਸਕੂਲਾਂ ਦੇ 848 ਵਿਦਿਆਰਥੀਆਂ ਨੇ ਨੀਟ ਦੇ ਸਖ਼ਤ ਮੁਕਾਬਲੇ ਵਿੱਚ ਕੁਆਲੀਫਾਈ ਕੀਤਾ ਜਦੋਂਕਿ 265 ਵਿਦਿਆਰਥੀਆਂ ਨੇ ਜੇਈਈ (ਮੇਨਜ਼) ਅਤੇ 45 ਵਿਦਿਆਰਥੀਆਂ ਨੇ ਜੇਈਈ (ਐਡਵਾਂਸ) ਪ੍ਰੀਖਿਆ ਸਫ਼ਲਤਾਪੂਰਵਕ ਪਾਸ ਕੀਤੀ ਹੈ।
ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਹਤ ਖੇਤਰ ਵਿੱਚ ਵੀ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਹੈ, ਸੂਬੇ ਵਿੱਚ 881 ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 107 ਕਿਸਮ ਦੀਆਂ ਦਵਾਈਆਂ ਅਤੇ 47 ਕਿਸਮ ਦੇ ਲੈਬ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਹਰ ਪਰਿਵਾਰ ਲਈ 10 ਲੱਖ ਤੱਕ ਦਾ ਸਿਹਤ ਬੀਮਾ ਕੀਤਾ ਜਾ ਰਿਹਾ ਹੈ, ਜੋ ਕਿ 2 ਅਕਤੂਬਰ ਤੋਂ ਲਾਗੂ ਹੋਵੇਗਾ। ਇਸ ਵਿੱਚ ਕੋਈ ਫਾਰਮ ਭਰਨ ਦੀ ਲੋੜ ਨਹੀਂ ਹੈ, ਕੋਈ ਵੱਡਾ ਕੰਮ ਨਹੀਂ ਕਰਨਾ ਪਵੇਗਾ, ਸਿਰਫ਼ ਆਧਾਰ ਕਾਰਡ ਅਤੇ ਵੋਟਰ ਕਾਰਡ ਲੈ ਕੇ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ 552 ਪ੍ਰਾਈਵੇਟ ਅਤੇ ਸਾਰੇ ਸਰਕਾਰੀ ਹਸਪਤਾਲ ਇਸ ਯੋਜਨਾ ਨਾਲ ਜੁੜੇ ਹੋਏ ਹਨ, ਜਦੋਂ ਕਿ 500 ਹੋਰ ਹਸਪਤਾਲ ਜੋੜਨ ਦੀ ਪ੍ਰਕਿਰਿਆ ਚੱਲ ਰਹੀ ਹੈ। ਜੇਕਰ ਪਰਿਵਾਰ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ, ਤਾਂ ਪੰਜਾਬ ਸਰਕਾਰ ਉਸਦਾ ਸਾਰਾ ਡਾਕਟਰੀ ਖਰਚਾ ਚੁੱਕੇਗੀ। ਇਸ ਯੋਜਨਾ ਵਿੱਚ ਹਰ ਕੋਈ ਸ਼ਾਮਲ ਹੈ, ਕੋਈ ਆਮਦਨ ਸੀਮਾ ਨਹੀਂ ਹੈ, ਕੋਈ ਵਿਸ਼ੇਸ਼ ਸ਼੍ਰੇਣੀ ਨਹੀਂ ਹੈ, ਸਿਰਫ਼ ਪੰਜਾਬ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਸੂਬੇ ਦੇ ਮੁੱਢਲੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਵੀ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਸਮਾਰੋਹ ਵਿਚ ਪਹੁੰਚੇ ਜ਼ਿਲ੍ਹੇ ਦੇ ਆਜ਼ਾਦੀ ਘੁਲਾਟੀਏ ਅਤੇ ਸੁਤੰਤਰਤਾਂ ਸੰਗਰਾਮੀਆਂ ਨੂੰ ਕੈਬਨਿਟ ਮੰਤਰੀ ਨੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਇਹ ਸਾਡੇ ਦੇਸ਼ ਦਾ ਮਾਣ ਹਨ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਇਸ ਉਪਰੰਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਪਿਆਰ ਦੀ ਭਾਵਨਾ ਭਰਦੇ ਹੋਏ ਕੋਰੀਓਗ੍ਰਆਫੀ, ਡਾਂਸ ਅਤੇ ਗਿੱਧਾ ਆਦਿ ਰੰਗਾ-ਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਈ। ਖੇਡ ਵਿਭਾਗ ਰੂਪਨਗਰ ਵੱਲੋਂ ਪਹਿਲੀ ਵਾਰ ਐਸਡੀਐਮ ਰੂਪਨਗਰ ਡਾ. ਸੰਜੀਵ ਕੁਮਾਰ ਦੁਆਰਾ ਤਿਆਰ ਕਰਵਾਈ ਗਈ ਸਕਿੱਟ ‘ਨਸ਼ਿਆ ਤੋਂ ਆਜ਼ਾਦੀ’ ਦੀ ਪੇਸ਼ਕਾਰੀ ਵੀ ਦਿੱਤੀ ਗਈ। ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਦੁਆਰਾ ਦਿੱਤੀ ਗਈ ਬੈਂਡ ਦੀ ਪੇਸ਼ਕਾਰੀ ਤੋਂ ਖੁਸ਼ ਹੋ ਕੇ ਕੈਬਨਿਟ ਮੰਤਰੀ ਦੁਆਰਾ ਸਕੂਲ ਦੇ ਲਈ 15 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਗਈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਵੱਲੋਂ ਐਸਡੀਐਮ ਰੂਪਨਗਰ ਡਾ. ਸੰਜੀਵ ਕੁਮਾਰ ਦੁਆਰਾ ਲਿਖਿਆ ਨਾਟਕ “ਯੁੱਧ ਨਸ਼ਿਆਂ ਵਿਰੁੱਧ” ਪੇਸ਼ ਕੀਤਾ ਗਿਆ, ਜਿਸ ਦੌਰਾਨ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਵੱਲੋਂ ਸਟੇਡੀਅਮ ਵਿੱਚ ਸਾਰੇ ਹੀ ਹਾਜ਼ਰੀਨ ਨੂੰ ਨਸ਼ਾ ਨਾ ਕਰਨ ਤੇ ਨਸ਼ਾ ਕਰਨ ਵਾਲਿਆਂ ਦੀ ਸੂਚਨਾ ਪੁਲਿਸ ਤੇ ਪ੍ਰਸ਼ਾਸ਼ਨ ਨੂੰ ਦੇਣ ਦੀ ਸਹੁੰ ਚੁਕਾਈ ਗਈ। ਇਸ ਨਾਟਕ ਤੋਂ ਖੁਸ਼ ਹੋ ਕੇ ਸ. ਹਰਪਾਲ ਸਿੰਘ ਚੀਮਾ ਵਲੋਂ ਆਪਣੇ ਨਿੱਜੀ ਤਨਖ਼ਾਹ ਵਿੱਚੋਂ 21 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ। ਸ਼ਿਵਾਲਿਕ ਸਕੂਲ ਦੇ ਸਟਾਫ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿਚ ਵੱਖ-ਵੱਖ ਖੇਤਰਾਂ ਵਿਚ ਉਪਲੱਬਧੀਆਂ ਹਾਸਿਲ ਕਰਨ ਵਾਲੇ, ਸਮਾਜ ਸੇਵੀਆਂ, ਜ਼ਿਲ੍ਹਾ ਪ੍ਰਸ਼ਾਸਨ ਵਿਚ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਕਰਨ ਵਾਲਿਆਂ, ਅਤੇ ਹੋਰ ਵੱਡੀਆਂ ਸ਼ਖਸੀਅਤਾਂ ਨੂੰ ਮੁੱਖ ਮਹਿਮਾਨ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ, ਕਮਿਸ਼ਨਰ ਰੂਪਨਗਰ ਰੇਂਜ ਗੁਰਪ੍ਰੀਤ ਕੌਰ ਸਪਰਾ, ਡੀਆਈਜੀ ਪੀਏਪੀ ਇੰਦਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਮੁੱਖ ਮੰਤਰੀ ਫੀਲਡ ਅਫ਼ਸਰ ਅਭਿਮੰਨਿਊ ਮਲਿਕ, ਐੱਸਪੀ ਅਰਵਿੰਦ ਮੀਨਾ, ਐੱਸਪੀ ਚੰਦ ਸਿੰਘ, ਐੱਸਪੀ ਗੁਰਦੀਪ ਸਿੰਘ ਗੋਸਲ, ਆਰ.ਟੀ.ਓ. ਸ. ਗੁਰਵਿੰਦਰ ਸਿੰਘ ਜੌਹਲ, ਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲ, ਵਧੀਕ ਸੈਸ਼ਨ ਜੱਜ ਸ਼ਾਮ ਲਾਲ, ਵਧੀਕ ਸੈਸ਼ਨ ਜੱਜ ਮੋਹਿਤ ਬਾਂਸਲ, ਵਧੀਕ ਸੈਸ਼ਨ ਜੱਜ ਪ੍ਰਤਿਮਾ ਅਰੋੜਾ, ਵਧੀਕ ਸੈਸ਼ਨ ਜੱਜ ਪੁਸ਼ਪਿੰਦਰ ਸਿੰਘ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਡਾ. ਮੋਨਿਕਾ ਗੋਇਲ, ਸਿਵਲ ਜੱਜ ਅਸ਼ੀਸ਼ ਥਥਈ, ਸਿਵਲ ਜੱਜ ਸੁਖਵਿੰਦਰ ਸਿੰਘ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਦੀਪ ਕੌਰ, ਸਿਵਲ ਜੱਜ ਕਾਮਿਨੀ, ਸਿਵਲ ਜੱਜ ਅਨਿਨਆ ਰਿਸ਼ੀ, ਸਿਵਲ ਜੱਜ ਮਨੀਸ਼ਾ, ਐਸਡੀਐਮ ਰੂਪਨਗਰ ਡਾ. ਸੰਜੀਵ ਕੁਮਾਰ, ਜ਼ਿਲ੍ਹਾ ਮਾਲ ਅਫਸਰ ਬਾਦਲਦੀਨ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ, ਸਿਵਲ ਸਰਜਨ ਡਾ. ਬਲਵਿੰਦਰ ਕੌਰ, ਸਹਾਇਕ ਕਮਿਸ਼ਨਰ ਰਾਜ ਕਰ ਰੋਪੜ ਯਾਦਵਿੰਦਰ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਹਰਪ੍ਰੀਤ ਸਿੰਘ ਕਾਹਲੋਂ, ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਹਰਮਿੰਦਰ ਸਿੰਘ ਢਾਹੇ, ਮਾਰਕੀਟ ਕਮੇਟੀ ਚੇਅਰਮੈਨ ਰੂਪਨਗਰ ਭਾਗ ਸਿੰਘ ਮਦਾਨ, ਚੇਅਰਮੈਨ ਇੰਮਪਰੁਵਮੈਂਟ ਟਰੱਸਟ ਸ਼ਿਵ ਕੁਮਾਰ ਲਾਲਪੁਰਾ, ਜ਼ਿਲ੍ਹਾ ਟਰੇਡ ਵਿੰਗ ਦੇ ਪ੍ਰਧਾਨ ਨਵਦੀਪ ਸਿੰਘ ਟੋਨੀ, ਜ਼ਿਲ੍ਹਾ ਯੂਥ ਪ੍ਰਧਾਨ ਚੇਤਨ ਕਾਲੀਆ,
ਅਤੇ ਪ੍ਰੈੱਸ ਦੇ ਨੁਮਾਇੰਦੀਆਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।