ਮੋਰਿੰਡਾ 17 ਅਗਸਤ ਭਟੋਆ
ਬੂਹੇ ਆਈ ਜੰਨ ਬਿਨੋ ਕੁੜੀ ਦੇ ਕੰਨ ਬਾਲੀ ਕਹਾਵਤ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਮੋਰਿੰਡਾ ਫੇਰੀ ਨੂੰ ਲੈ ਕੇ ਉਸ ਵੇਲੇ ਸੱਚ ਹੁੰਦੀ ਜਾਪੀ ਜਦੋਂ ਐਤਵਾਰ ਵਾਲੇ ਦਿਨ ਵੀ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਮੋਰਿੰਡਾ ਚੁੰਨੀ ਚੌਂਕ ਤੋਂ ਲੈ ਕੇ ਮੋਰਿੰਡਾ ਦੇ ਬੱਸ ਅੱਡੇ ਤੱਕ ਸਫਾਈ ਮੁਹਿੰਮ ਵਿੱਚ ਡਟੇ ਨਜ਼ਰ ਆਏ, ਇਥੇ ਹੀ ਨਹੀਂ ਸਗੋਂ ਹਸਪਤਾਲ ਵਿੱਚ ਵੀ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਇਸ ਹਸਪਤਾਲ ਦੀ ਮੁਰੰਮਤ ਅਤੇ ਰੈਨੋਵੇਸ਼ਨ ਦੇ ਕੰਮ ਦਾ ਉਦਘਾਟਨ ਕਰਨਾ ਹੈ,ਉੱਥੇ ਵੀ ਮਿਸਤਰੀ ਲੱਗੇ ਦਿਖਾਈ ਦਿੱਤੇ ,ਜਦ ਕਿ ਹਸਪਤਾਲ ਦੇ ਮੁੱਖ ਗੇਟ ਅੱਗੇ ਗੰਦੇ ਪਾਣੀ ਦਾ ਖੱਡਾ ਇਹਨਾਂ ਸਾਰੀਆਂ ਤਿਆਰੀਆਂ ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ ? ਵਰਨਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ 18 ਅਗਸਤ ਨੂੰ ਕਮਿਊਨਿਟੀ ਸਿਹਤ ਕੇਂਦਰ ਮੋਰਿੰਡਾ ਦੀ ਰਿਪੇਅਰ ਅਤੇ ਰੈਨੋਵੇਸ਼ਨ ਦੇ ਕੰਮ ਦੀ ਸ਼ੁਭ ਆਰੰਭਤਾ ਦਾ ਉਦਘਾਟਨ ਕਰਨ ਲਈ ਪੁੱਜਣਾ ਹੈ , ਜਿਸ ਨੂੰ ਲੈ ਕੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰਹਾਂ ਪੱਬਾਂ ਭਾਰ ਹੋਏ ਹੋਏ ਹਨ, ਜਿੱਥੇ ਇਹਨਾਂ ਅਧਿਕਾਰੀਆਂ ਵੱਲੋਂ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਇਸ ਹਸਪਤਾਲ ਦੇ ਆਲੇ ਦੁਆਲੇ ਦੀ ਸਫਾਈ ਦੇ ਕੰਮ ਲਈ ਲਗਾਇਆ ਹੋਇਆ ਹੈ, ਉੱਥੇ ਹੀ ਬਹੁਤ ਸਾਰੇ ਸਫਾਈ ਸੇਵਕ ਮੋਰਿੰਡਾ ਚੁੰਨੀ ਰੋਡ ਤੇ ਬਾਈਪਾਸ ਤੋਂ ਲੈ ਕੇ ਸਥਾਨਕ ਬੱਸ ਸਟੈਂਡ ਤੱਕ ਸੜਕ ਦੇ ਦੋਨੋਂ ਪਾਸੇ ਸਫਾਈ ਕਰਨ ਵਿੱਚ ਜੁਟੇ ਹੋਏ ਹਨ, ਜਦਕਿ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਵੱਲੋਂ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਪਿਛਲੇ ਕਈ ਦਿਨਾਂ ਤੋਂ ਸਫਾਈ ਨਾ ਹੋਣ ਦੇ ਦੋਸ਼ ਵੀ ਲਗਾਏ ਗਏ ਹਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਹਸਪਤਾਲ ਦੀ ਚਾਰਦੀਵਾਰੀ ਸਾਲ 2023 ਵਿੱਚ ਆਏ ਹੜ੍ਹ ਕਾਰਨ ਬੁਰੀ ਤਰਾਂ ਟੁੱਟ ਗਈ ਸੀ, ਜਿਸ ਨੂੰ ਬਣਾਉਣ ਲਈ ਤੇ ਇਸ ਹਸਪਤਾਲ ਵਿੱਚ ਲੋੜੀਦੀ ਮਸ਼ੀਨਰੀ ਤੇ ਡਾਕਟਰ ਮੁਹੱਈਆ ਕਰਵਾਉਣ ਲਈ ਤਤਕਾਲੀ ਸਿਹਤ ਮੰਤਰੀ ਚੇਤੰਨ ਸਿੰਘ ਜੌੜੇ ਮਾਜਰਾ ਵੀ 3 ਮਹੀਨਿਆਂ ਵਿਚ ਇਹ ਕੰਮ ਪੂਰਾ ਕਰਨ ਲਈ ਹਸਪਤਾਲ ਦੇ ਐਸਐਮਓ ਤੇ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕਰ ਗਏ ਸਨ, ਪ੍ਰੰਤੂ ਚਾਰਦੀਵਾਰੀ ਅੱਜ ਵੀ ਉਸੇ ਹਾਲਤ ਵਿੱਚ ਮੌਜੂਦ ਹੈਂ।ਜਦਕਿ ਹਸਪਤਾਲ ਦੇ ਅਹਾਤੇ ਵਿੱਚ ਖੜੇ ਘਾਹਫੂਸ ਦੀ ਸਫਾਈ ਕਰਵਾਉਣ ਲਈ ਇਸ ਤੋਂ ਪਹਿਲਾਂ ਵੀ ਜਿਲਾ ਰੂਪਨਗਰ ਦੀ ਸਿਵਲ ਸਰਜਨ ਡਾਕਟਰ ਬਲਵਿੰਦਰ ਕੌਰ ਵੱਲੋਂ ਵੀ ਐਸਐਮਓ ਡਾਕਟਰ ਪਰਮਿੰਦਰਜੀਤ ਸਿੰਘ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਸਨ । ਹੁਣ ਜਦੋ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਕੌਂਸਲ ਅਧਿਕਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਸਫਾਈ ਸੇਵਕ ਹਸਪਤਾਲ ਦੀ ਸਫਾਈ ਲਈ ਤੈਨਾਤ ਕੀਤੇ ਗਏ ਹਨ ਪ੍ਰੰਤੂ ਹਸਪਤਾਲ ਵਿੱਚ ਟੁੱਟੇ ਪਏ ਦਰਖਤ ਅਤੇ ਹਸਪਤਾਲ ਦੇ ਮੁੱਖ ਗੇਟ ਤੇ ਗੰਦੇ ਪਾਣੀ ਦਾ ਬਣਿਆ ਖੱਡਾ ਇਸ ਸਫਾਈ ਮੁਹਿੰਮ ਤੇ ਪ੍ਰਸ਼ਨ ਚਿੰਨ ਲਗਾ ਰਿਹਾ ਹੈ ?? ਇਸ ਮੌਕੇ ਤੇ ਗੱਲ ਕਰਦਿਆਂ ਹਲਕਾ ਖਰੜ ਦੇ ਇੰਚਾਰਜ ਸ੍ਰੀ ਵਿਜੇ ਕੁਮਾਰ ਟਿੰਕੂ, ਸਾਬਕਾ ਕੌਂਸਲਰ ਜਗਪਾਲ ਸਿੰਘ ਜੋਲੀ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ ,ਲੱਖੀ ਸ਼ਾਹ ,ਮੋਨੂੰ ਖਾਨ , ਸੁਰਜੀਤ ਸਿੰਘ ਤਾਜਪੁਰ
ਸਾਬਕਾ ਸਰਪੰਚ ਸਮੇਤ ਸ਼ਹਿਰ ਵਾਸੀਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸ਼ਹਿਰ ਦੀ ਦਿਨੋ ਦਿਨ ਵੱਧ ਰਹੀ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਹਸਪਤਾਲ ਨੂੰ ਘੱਟੋ ਘੱਟ 30 ਬੈਡਾਂ ਦੇ ਹਸਪਤਾਲ ਤੱਕ ਅਪਗ੍ਰੇਡ ਕੀਤਾ ਜਾਵੇ ਅਤੇ ਹਸਪਤਾਲ ਵਿੱਚ ਗਾਇਨੀਕੌਲੋਜਿਸਟ ਸਮੇਤ ਹੋਰ ਖਾਲੀ ਪਈਆਂ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਐਮਰਜੈਂਸੀ ਸੇਵਾਵਾਂ ਨੂੰ ਮਜਬੂਤ ਕੀਤਾ ਜਾਵੇ। ਇਸੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਵੱਲੋਂ ਉਦਘਾਟਨ ਕੀਤੇ ਜਾਣ ਵਾਲੇ ਕੰਮ ਲਈ ਕਰੀਬ ਇਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਸ਼ਹਿਰ ਵਿੱਚ ਲੱਗੀ ਇੱਕ ਵੱਡੀ ਕੰਪਨੀ ਵੱਲੋਂ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ ਐਕਟੀਵਿਟੀ ਤਹਿਤ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ ਸੀ, ਜਦਕਿ ਇਸ ਤੋ ਪਹਿਲਾਂ ਸ਼ਹਿਰ ਦੀ ਜਰਮਨ ਅਧਾਰਿਤ ਕੰਪਨੀ ਵੱਲੋ ਸੀਐਸਆਰ ਤਹਿਤ ਭੇਂਟ ਕੀਤਾ ਗਿਆ ਵੱਡਾ ਜਨਰੇਟਰ ਸੈੱਟ ,ਲੰਮਾ ਸਮਾ ਨਾ ਚੱਲਣ ਕਾਰਨ ਚਿੱਟਾ ਹਾਥੀ ਹੀ ਬਣਿਆ ਰਹਿਣ ਦੀਆਂ ਵੀ ਸ਼ਹਿਰ ਵਿੱਚ ਚਰਚਾਵਾਂ ਹਨ।