ਚੰਡੀਗੜ੍ਹ, 18 ਅਗਸਤ 2025, ਦੇਸ਼ ਕਲਿੱਕ ਬਿਓਰੋ :
ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਨੰ: P.A.9/1994/S.209/2025/6205 ਮਿਤੀ 05.08.2025 ਅਨੁਸਾਰ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾ ਦੇ ਮੈਂਬਰਾਂ ਨੂੰ ਚੁਣਨ ਲਈ ਆਮ ਚੋਣਾਂ ਮਿਤੀ 05.10.2025 ਤੱਕ ਕਰਵਾਈਆਂ ਜਾਣੀਆਂ ਹਨ। ਇਨ੍ਹਾਂ ਚੋਣਾਂ ਲਈ ਪੰਚਾਇਤੀ ਵੋਟਰ ਸੂਚੀਆਂ, ਜੋ ਕਿ ਜ਼ਿਲ੍ਹਿਆਂ ਵੱਲੋਂ ਪਹਿਲਾਂ ਮਿਤੀ 03.03.2025 ਨੂੰ ਪ੍ਰਕਾਸ਼ਿਤ ਕਰਵਾਈਆਂ ਗਈਆਂ ਸਨ, ਨੂੰ ਅਪਡੇਟ ਕੀਤਾ ਜਾਣਾ ਹੈ। ਰਾਜ ਚੋਣ ਕਮਿਸ਼ਨ ਨੇ ਪੱਤਰ ਮਿਤੀ 14.08.2025 ਰਾਹੀਂ ਸਮੂਹ ਡਿਪਟੀ ਕਮਿਸ਼ਨਰ ਸਹਿਬਾਨਾਂ ਨੂੰ ਇਨ੍ਹਾਂ ਵੋਟਰ ਸੂਚੀਆਂ ਦੀ ਯੋਗਤਾ ਮਿਤੀ 01.09.2025 ਅਨੁਸਾਰ ਅਪਡੇਸ਼ਨ ਕਰਨ ਲਈ ਹੇਠ ਲਿਖੇ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਹਨ:-ਪ੍ਰੋਗਰਾਮ1. ਮੌਜੂਦਾ ਵੋਟਰ ਸੂਚੀਆਂ ਦਾ ਖਰੜਾ ਪ੍ਰਕਾਸ਼ਿਤ ਕਰਨਾ : ਮਿਤੀ 19.08.2025 ਨੂੰ2.ਦਾਅਵੇ ਅਤੇ ਇਤਰਾਜ, ਜੇਕਰ ਕੋਈ ਹੋਵੇ ਦਾਇਰ ਕਰਨਾ : ਮਿਤੀ 20.08.2025 ਤੋਂ 27.08.2025 ਤੱਕ3.ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ ਕਰਨਾ : ਮਿਤੀ 01.09.2025 ਤੱਕ4. ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ: ਮਿਤੀ 03.09.2025 ਨੂੰ ਇਸ ਮੰਤਵ ਲਈ ਸਾਰੇ ਯੋਗ ਵਿਅਕਤੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ ਨੰ: I, ਦਰਜ ਕੀਤੇ ਨਾਮਾਂ ਸਬੰਧੀ ਇਤਰਾਜ ਦਰਜ ਕਰਵਾਉਣ ਲਈ ਫਾਰਮ ਨੰ: II, ਅਤੇ ਇੰਦਰਾਜ ਦੀ ਦਰੁਸਤੀ ਲਈ ਫਾਰਮ ਨੰ: III, ਦੀ ਵਰਤੋਂ ਕਰਨ। ਇਹ ਫਾਰਮ ਸਬੰਧਤ ਉਪ ਮੰਡਲ ਮੈਜਿਸਟ੍ਰੇਟਾਂ (ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ) ਦੇ ਦਫ਼ਤਰਾਂ ਵਿੱਚ ਉਪਲਬਧ ਹਨ ਅਤੇ ਕਮਿਸ਼ਨ ਦੀ ਵੈੱਬਸਾਈਟ (https://sec.punjab.gov.in/→PANCHAYAT ELECTION→ STATUTORY FORMS ) ਤੋਂ ਡਾਊਨਲੋਡ ਕਰਕੇ ਵੀ ਅਸਾਨੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ। ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਹਿਬਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਥਾਨਕ ਪੱਧਰ ਤੇ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੇ ਚੋਣ ਹਲਕਿਆਂ ਦੇ ਸਾਰੇ ਪੇਂਡੂ ਖੇਤਰਾਂ ਵਿੱਚ ਇਸ ਦਾ ਵਿਆਪਕ ਪ੍ਰਚਾਰ ਕਰਨ ਤਾਂ ਜੋ ਮਿਤੀ 01.09.2025 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਸਾਰੇ ਯੋਗ ਵਿਅਕਤੀਆਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਲਈ ਢੁੱਕਵਾਂ ਮੌਕਾ ਮਿਲ ਸਕੇ।ਰਾਜ ਚੋਣ ਕਮਿਸ਼ਨ ਪੇਂਡੂ ਖੇਤਰਾਂ ਦੇ ਆਮ ਲੋਕਾਂ ਅਤੇ ਇਛੁੱਕ ਯੋਗ ਵੋਟਰਾਂ ਨੂੰ ਸੂਚਿਤ ਕਰਦਾ ਹੈ ਕਿ ਉਹ ਇਸ ਮੌਕੇ ਦੀ ਵਰਤੋਂ ਕਰਕੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦਾ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਵੋਟਰ ਸੂਚੀ ਵਿੱਚ ਆਪਣੇ ਨਾਮ ਦਰਜ ਕਰਵਾਉਣ ਜਾਂ ਜੇਕਰ ਲੋੜ ਹੋਵੇ ਤਾਂ ਕਿਸੇ ਵੀ ਤਰ੍ਹਾਂ ਦੀ ਕਟੌਤੀ ਜਾਂ ਸੋਧ ਕਰਨ ਲਈ ਅਰਜੀ ਜਮ੍ਹਾ ਕਰਵਾਉਣ।