ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਸ੍ਰੀ ਚਮਕੌਰ ਸਾਹਿਬ ਦੇ 50 ਬੈੱਡਾਂ ਵਾਲੇ ਹਸਪਤਾਲ ਦਾ ਉਦਘਾਟਨ ਕੀਤਾ

ਸਿਹਤ

ਸਟੈਮ ਲੈਬ ਸਕੂਲ ਬੱਸਾਂ ਨੂੰ ਹਰੀ ਝੰਡੀ ਦਿਖਾਈ, ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

1000 ਡਾਕਟਰ ਇਸੇ ਮਹੀਨੇ ਹਸਪਤਾਲਾਂ ਵਿੱਚ ਹਾਜ਼ਰ ਹੋਣਗੇ : ਸਿਹਤ ਮੰਤਰੀ 

ਮੀਡੀਆ ਕਰਮਚਾਰੀਆਂ ਨੂੰ ਵੀ ਮੁੱਖ ਮੰਤਰੀ ਦੇ ਨੇੜੇ ਨਹੀਂ ਢੁਕਣ ਦਿੱਤਾ ਗਿਆ।

 ਸ੍ਰੀ ਚਮਕੌਰ ਸਾਹਿਬ / ਮੋਰਿੰਡਾ 18 ਅਗਸਤ ਭਟੋਆ 

ਸ੍ਰੀ ਚਮਕੌਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਅੱਜ ਇਥੇ 14 ਕਰੋੜ ਰੁਪਏ ਦੀ ਲਾਗਤ ਨਾਲ ਬਣੇ 50 ਬੈੱਡਾਂ ਵਾਲੇ ਨਵੇਂ ਸਬ ਡਿਵੀਜ਼ਨਲ ਹਸਪਤਾਲ ਦਾ ਉਦਘਾਟਨ ਕੀਤਾ, ਅਤੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਨਿਰੀਖਣ ਕਰਦਿਆਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਵੀ ਗੱਲਬਾਤ ਕਰਕੇ ਹਸਪਤਾਲ ਵਿੱਚੋਂ ਦਵਾਈਆਂ ਮਿਲਣ ਸਬੰਧੀ ਵੀ ਜਾਣਕਾਰੀ ਹਾਸਿਲ ਕੀਤੀ ਜਿਸ ਉਪਰੰਤ ਉਹਨਾਂ ਨੇ ਸਟੈਮ ਲੈਬ ਸਕੂਲ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਖੇਡ ਸਟੇਡੀਅਮ ਵਿੱਚ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਅਤੇ ਮੋਰਿੰਡਾ ਦੇ ਸਿਵਲ ਹਸਪਤਾਲ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਆਨਲਾਈਨ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਮੀਡੀਆ ਕਰਮਚਾਰੀਆਂ ਨੂੰ ਵੀ ਮੁੱਖ ਮੰਤਰੀ ਦੇ ਨੇੜੇ ਨਹੀਂ ਢੁਕਣ ਦਿੱਤਾ ਗਿਆ।

ਹਸਪਤਾਲ ਦੇ ਉਦਘਾਟਨ ਉਪਰੰਤ ਪਿੰਡ ਸਲਾਹਪਰ ਦੇ  ਏਕਮ ਰਿਜ਼ੋਰਟ ਵਿੱਚ  ਵਰਕਰਾਂ ਤੇ ਵਲੰਟੀਅਰਾਂ ਦੇ ਇੱਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੈ ਲੋਕਾਂ ਨੂੰ ਸਿਹਤ ਦੀ ਸੌਖੀ, ਸਸਤੀ ਤੇ ਉੱਚ ਮਿਆਰੀ ਸੇਵਾ ਦੇਣ ਲਈ ਵਚਨਬੱਧ ਹੈ । ਸ੍ਰੀ  ਮਾਨ ਨੇ ਕਿਹਾ ਕਿ ਇਹ ਹਸਪਤਾਲ ਸਿਰਫ ਇਲਾਜ ਦੀ ਥਾਂ ਨਹੀਂ, ਸਗੋਂ ਲੋਕਾਂ ਦੀ ਜਿੰਦਗੀ ਬਚਾਉਣ ਵਾਲਾ ਕੇਂਦਰ ਬਣੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ‘ਚ ਐਮਰਜੈਂਸੀ, ਮਾਤਾ-ਬੱਚਾ ਕੇਅਰ, ਲੈਬ, ਐਕਸਰੇ, ਓਪੀਡੀ, ਅਤੇ ਛੋਟੇ ਆਪ੍ਰੇਸ਼ਨਾਂ ਦੀਆਂ ਵਿਵਸਥਾਵਾਂ ਹੋਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਲਾਕੇ ਦੇ ਲੋਕਾਂ ਨੂੰ ਇਲਾਜ ਲਈ ਰੂਪਨਗਰ ਜਾਂ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ , ਕਿਉਂਕਿ  ਇਸ ਹਸਪਤਾਲ ਵਿੱਚ ਸਰਕਾਰ ਵੱਲੋ ਮਾਹਿਰ  ਡਾਕਟਰ ਤਾਇਨਾਤ ਕੀਤੇ ਜਾਣਗੇ ,ਜੋ  ਇਥੋਂ ਦੇ ਲੋਕਾਂ ਦੀ ਸਿਹਤ ਸੰਭਾਲ ਕਰਨਗੇ ਅਤੇ ਮਰੀਜ਼ਾਂ ਦੇ ਲੜੀਦੇ ਟੈਸਟ ਆਦਿ ਵੀ ਇਸੇ ਹਸਪਤਾਲ ਵਿੱਚ ਕੀਤੇ ਜਾਣਗੇ।  

ਇਸ ਮੌਕੇ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ, ਇੰਜੀਨੀਅਰਾਂ ਅਤੇ ਸਥਾਨਕ ਪ੍ਰਸ਼ਾਸਨ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਸਮੇਂ ‘ਚ ਕੰਮ ਪੂਰਾ ਕਰਕੇ ਇਹ ਹਸਪਤਾਲ ਲੋਕਾਂ ਨੂੰ ਸਮਰਪਿਤ ਕੀਤਾ ਹੈ  ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ ਸਿਹਤ ਵਿਭਾਗ ਦੀ ਪੂਰੀ ਰਚਨਾ ਨਵੀਂ ਪ੍ਰਣਾਲੀ ਰਾਂਹੀ ਬਣਾਈ ਜਾ ਰਹੀ ਹੈ, ਜਿਸ ਤਹਿਤ ਮੁਹੱਲਾ ਕਲੀਨਿਕਾਂ ਤੋਂ ਲੈ ਕੇ ਨਵੇਂ ਹਸਪਤਾਲ ਤੱਕ, ਹਰ ਪੱਧਰ ‘ਤੇ ਲੋਕਾਂ ਦੀ ਸਿਹਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨਾ ਦੱਸਿਆ ਕਿ 

ਸਰਕਾਰ ਦੇ ਅੰਕੜਿਆਂ ਮੁਤਾਬਕ, ਇਹ ਹਸਪਤਾਲ ਹਰ ਮਹੀਨੇ ਲਗਭਗ 10,000 ਮਰੀਜ਼ਾਂ ਨੂੰ ਸੇਵਾ ਦੇਣ ਦੇ ਯੋਗ ਹੋਵੇਗਾ।  ਮੁੱਖ ਮੰਤਰੀ ਮਾਨ ਨੇ ਕਿਹਾ, “ਸਾਡਾ ਮਕਸਦ ਇਹ ਨਹੀਂ ਕਿ ਲੋਕ ਇੱਥੇ  ਸਿਰਫ ਇਲਾਜ ਲਈ ਹੀ ਆਉਣ, ਸਗੋਂ ਉਹਨਾਂ ਨੂੰ ਇੰਨੀ ਵਧੀਆ ਸੇਵਾ ਮਿਲੇ ਕਿ ਬਿਮਾਰੀ ਪੈਣ ਤੋਂ ਪਹਿਲਾਂ ਹੀ ਰੋਕਥਾਮ ਹੋਵੇ।”

ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਤੇ ਤਿੱਖੇ ਤੰਜ ਕਸਦਿਆਂ ਕਿਹਾ ਕਿ ਅਕਾਲੀ ਦਲ ਦੇ ਪਹਿਲਾਂ ਹੀ ਦੋ ਤਿੰਨ ਟੋਟੇ ਹੋ ਚੁੱਕੇ ਹਨ ਅਤੇ ਇੱਕ ਦੋ ਆਉਣ ਵਾਲੇ ਦਿਨਾਂ ਵਿਚ ਹੋ ਜਾਣਗੇ, ਜਦਕਿ ਕਾਂਗਰਸ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ ਅੱਠ ਤੋਂ 10 ਆਗੂ ਦੌੜ ਵਿੱਚ ਹਨ । ਉਹਨਾਂ ਕਿਹਾ ਕਿ ਨਸ਼ਿਆਂ ਰਾਹੀਂ ਲੋਕਾਂ ਦੇ ਘਰ ਵਿੱਚ ਮੌਤਾਂ ਵੰਡਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਵੱਲੋਂ ਨਸ਼ਿਆਂ ਦੀ ਆਮਦਨ ਨਾਲ ਬਣਾਏ ਮਹਿਲਾਂ ਤੇ ਪੀਲਾ ਪੰਜਾ ਜਰੂਰ ਚਲੇਗਾ । ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਹਮੇਸ਼ਾ ਇਹ ਆਖਦੇ ਹਨ ਕਿ ਉਹ ਪੰਜਾਬ ਵਿੱਚ ਜਿਸ ਪਾਸੇ ਵੀ ਜਾਂਦੇ ਹਨ ਸਾਰੇ ਪਾਸੇ ਸਵਰਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਝਲਕ ਵੇਖਣ ਨੂੰ ਮਿਲਦੀ ਹੈ ਪ੍ਰੰਤੂ ਉਹ ਬਰਗਾੜੀ ਕਾਂਡ ਅਤੇ ਕੋਟਕਪੂਰਾ ਗੋਲੀਕਾਂਡ ਨੂੰ ਭੁੱਲ ਗਏ ਹਨ ਕਿ ਇਹ ਕੰਮ ਵੀ ਸਵਰਗੀ ਸਰਦਾਰ ਬਾਦਲ ਨੇ ਹੀ ਕਰਵਾਏ ਹਨ 

 ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਦੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਟੀਕੇ ਲਗਾਉਂਦੇ ਦੇਖਦੇ ਹੋਣਗੇ ਤਾਂ ਇਹ ਵੀ ਕਹਿੰਦੇ ਹੋਣਗੇ ਕਿ ਇਹ ਕੰਮ ਉਸਦੇ ਸਾਲੇ ਵਿਕਰਮ ਸਿੰਘ ਨੇ ਸ਼ੁਰੂ ਕਰਵਾਇਆ ਹੈ। ਮੁੱਖ ਮੰਤਰੀ ਨੇ ਕਾਂਗਰਸ ਤੇ ਭਾਜਪਾ ਆਗੂਆਂ ਦੀ ਬਿਕਰਮ ਸਿੰਘ ਮਜੀਠੀਆ ਦੇ ਗ੍ਰਿਫਤਾਰੀ ਸਮੇਂ ਦਰਸਾਈ ਏਕਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਇਹ ਸਾਰੇ ਆਗੂ ਨਸ਼ਾ ਤਸਕਰੀ ਵਿੱਚ ਦੇ ਵੱਡੇ ਮਗਰਮੱਛਾਂ ਦੀ ਗਿਰਫਤਾਰੀ ਦੀ ਮੰਗ ਕਰਦੇ ਰਹੇ ਅਤੇ ਜਦੋਂ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਨੂੰ ਕਾਬੂ ਕਰ ਲਿਆ ਤਾਂ ਕੈਪਟਨ ਅਮਰਿੰਦਰ ਸਿੰਘ ,ਸੁਨੀਲ ਜਾਖੜ,  ਰਵਨੀਤ ਬਿੱਟੂ ਤੇ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਆਗੂਆਂ ਨੇ ਇਸ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ,  ਜਦਕਿ ਇਹਨਾਂ ਨੂੰ ਪੰਜਾਬ ਦੇ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਨਸ਼ਿਆਂ ਕਾਰਨ ਹੋਈਆਂ ਮੌਤਾਂ ਅਤੇ ਮਾਵਾਂ ਦੇ ਸਿਰਾਂ ਤੇ ਆਈਆਂ ਚਿੱਟੀਆਂ ਚੁੰਨੀਆਂ ਕਦੇ ਦਿਖਾਈ ਨਹੀਂ ਦਿੱਤੀਆਂ।  ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਲੰਮਾ ਸਮਾਂ ਕਾਂਗਰਸ ਤੇ ਅਕਾਲੀ ਭਾਜਪਾ ਗਠਜੋੜ  ਦਾ ਰਾਜਭਾਗ ਵੇਖ ਲਿਆ ਹੈ ਅਤੇ ਇਹਨਾਂ ਨਕਾਰੇ ਹੋਏ ਆਗੂਆਂ ਨੂੰ ਸੂਬੇ ਦੇ ਲੋਕ  ਮੁੜ ਮੂੰਹ ਨਹੀਂ ਲਾਉਣਗੇ। 

ਇਸ ਮੌਕੇ ਤੇ ਬੋਲਦਿਆਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੀਜੀ ਅਤੇ 4 ਹਸਪਤਾਲ ਦੀ ਧਰਤੀ ਤੇ ਇਸ ਹਸਪਤਾਲ ਵਿੱਚ ਆਪਰੇਸ਼ਨ ਸੈਂਟਰ ਬਣਾਇਆ ਗਿਆ ਹੈ ਅਤੇ ਸਰਕਾਰ ਵੱਲੋਂ ਇੱਕ ਹਜਾਰ ਮਹਾ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਜਿਹੜੇ ਇਸੇ ਮਹੀਨੇ ਹਸਪਤਾਲਾਂ ਵਿੱਚ ਹਾਜ਼ਰ ਹੋ ਜਾਣਗੇ। ਉਹਨਾਂ ਨੇ ਦੱਸਿਆ ਕਿ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚੋਂ ਇਸ ਸਾਲ 250 ਡਾਕਟਰ ਆਪਣਾ ਕੋਰਸ ਕਰਕੇ ਬਾਹਰ ਨਿਕਲਣਗੇ ਜਿਹਨਾਂ ਵਿੱਚੋਂ ਲਗਭਗ 150 ਡਾਕਟਰ ਪੰਜਾਬ ਵਿੱਚ ਪੰਜਾਬ ਦੇ ਹਸਪਤਾਲਾਂ ਵਿੱਚ ਹੀ ਸੇਵਾਵਾਂ ਨਿਭਾਉਣਗੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1200 ਨਰਸਾਂ ਦੀ ਭਰਤੀਲਈ ਵੀ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਇਸ ਮੌਕੇ ਤੇ ਬੋਲਦਿਆ  ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਧੰਨਵਾਦ ਕੀਤਾ ਅਤੇ ਬੇਲਾ ਪਨਿਆਲੀ ਪੁਲ ਬਣਾਉਣ ਦੀ ਮੰਗ ਸਮੇਤ  ਇੱਕ ਮੰਗ ਪੱਤਰ ਮੁੱਖ ਮੰਤਰੀ ਨੂੰ ਸੌਂਪਿਆ ਗਿਆ। ਸਮਾਗਮ ਵਿੱਚ ਹੋਰਨਾਂ ਤੋਂ ਬਿਨਾਂ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਕੁਮਾਰ ਰਾਹੁਲ,  ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ, ਡੀਆਈਜੀ ਹਰਚਰਨ ਸਿੰਘ ਭੁੱਲਰ, ਐਸਐਸਪੀ ਗੁਲਨੀਤ ਸਿੰਘ ਖਰਾਣਾ, ਐਸਡੀਐਮ ਚਮਕੌਰ ਸਾਹਿਬ ਸ੍ਰੀ ਅਮਰੀਕ ਸਿੰਘ ਸਿੱਧੂ, ਐਸਡੀਐਮ ਮੋਰਿੰਡਾ ਸ੍ਰੀ ਸੁਖਪਾਲ ਸਿੰਘ ,ਡੀਐਸਪੀ ਮਨਜੀਤ ਸਿੰਘ ਔਲਖ ,ਡੀਐਸਪੀ ਜਤਿੰਦਰ ਪਾਲ ਸਿੰਘ ਮੱਲੀ ,ਡੀਐਸਪੀ ਹਰਕੀਰਤ ਸਿੰਘ ਰੋਪੜ, ਸਿਵਿਲ ਸਰਜਨ ਡਾਕਟਰ ਬਲਵਿੰਦਰ ਕੌਰ ,ਐਸਐਮਓ ਡਾਕਟਰ ਗੋਬਿੰਦ ਟੰਡਨ ਅਤੇ ਆਪ ਦੇ ਸੀਨੀਅਰ ਆਗੂ ਵੀਰਦਵਿੰਦਰ ਸਿੰਘ ਬੱਲਾਂ, ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ, ਮੋਰਿੰਡਾ ਦੇ ਚੇਅਰਮੈਨ ਸ਼੍ਰੀ ਐਨਪੀ ਰਾਣਾ, ਜਗਤਾਰ ਸਿੰਘ ਘੜੂੰਆਂ ਰਾਜਨੀਤਿਕ ਸਕੱਤਰ,ਅਤੇ  ਕੁਲਦੀਪ ਸਿੰਘ ਗਿੱਲ ਖੇੜੀ ਸਮੇਤ ਵੱਡੀ ਗਿਣਤੀ ਵਿੱਚ ਆਪ ਆਗੂ, ਵਲੰਟੀਅਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।