ਚੰਡੀਗੜ੍ਹ, 18 ਅਗਸਤ, ਦੇਸ਼ ਕਲਿਕ ਬਿਊਰੋ :
ਪੰਜਾਬੀ ਗਾਇਕ, ਅਦਾਕਾਰ ਅਤੇ ਫਿਲਮ ਨਿਰਮਾਤਾ ਹਰਭਜਨ ਮਾਨ ਅਤੇ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਦਾ 3 ਅਗਸਤ ਨੂੰ ਦਿੱਲੀ ਤੋਂ ਚੰਡੀਗੜ੍ਹ ਆਉਂਦੇ ਸਮੇਂ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਐਕਸੀਡੈਂਟ ਹੋ ਗਿਆ ਸੀ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਹੁਣ ਦੋਵਾਂ ਨੂੰ ਛੁੱਟੀ ਮਿਲ ਗਈ ਹੈ।
ਹਾਦਸੇ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ x ‘ਤੇ ਲੋਕਾਂ ਨਾਲ ਗੱਲ ਕੀਤੀ। ਇਸ ਦੌਰਾਨ ਹਰਭਜਨ ਅਤੇ ਉਨ੍ਹਾਂ ਦੇ ਪੁੱਤਰ ਨੇ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦਾ ਸਾਥ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕੁਝ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ। ਉਨ੍ਹਾਂ ਇਸਨੂੰ ਪ੍ਰੇਰਨਾ ਦਾ ਅਨੁਭਵ ਕਿਹਾ।
ਹਰਭਜਨ ਮਾਨ ਅਤੇ ਅਵਕਾਸ਼ ਮਾਨ ਨੇ ਦੱਸਿਆ ਕਿ ਉਹ 3 ਅਗਸਤ ਨੂੰ ਇੱਕ ਸ਼ੋਅ ਕਰਨ ਤੋਂ ਬਾਅਦ ਦਿੱਲੀ ਤੋਂ ਚੰਡੀਗੜ੍ਹ ਆ ਰਹੇ ਸਨ। ਸਵੇਰੇ ਚਾਰ ਵਜੇ ਕੁਰੂਕਸ਼ੇਤਰ ਵਿੱਚ ਉਨ੍ਹਾਂ ਦਾ ਐਕਸੀਡੈਂਟ ਹੋਇਆ। ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ। ਹਾਦਸਾ ਬਹੁਤ ਖਤਰਨਾਕ ਸੀ। ਕਈ ਥਾਵਾਂ ‘ਤੇ ਸੱਟਾਂ ਲੱਗੀਆਂ ਸਨ।
