ਡੰਪਿੰਗ ਗਰਾਊਂਡ ਬਣਾਉਣ ਦਾ ਸੈਕਟਰ 74 ਅਤੇ ਸੈਕਟਰ 91 ਵਾਸੀਆਂ ਵੱਲੋਂ ਵਿਰੋਧ

ਪੰਜਾਬ

ਮੋਹਾਲੀ, 18 ਅਗਸਤ, ਦੇਸ਼ ਕਲਿੱਕ ਬਿਓਰੋ :

ਸੈਕਟਰ 90 ਮੋਹਾਲੀ ਤੋਂ ਚੱਪੜਚਿੜੀ ਜਾਣ ਵਾਲੀ ਸੜਕ ‘ਤੇ ਬਣਾਏ ਜਾ ਰਹੇ ਡੰਪਿੰਗ ਗਰਾਊਂਡ ਨੂੰ ਲੈ ਕੇ ਸਥਾਨਕ ਨਿਵਾਸੀਆਂ ਵੱਲੋਂ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ। ਇਥੇ ਜੇਸੀਬੀ ਮਸ਼ੀਨ ਨਾਲ ਸਫਾਈ ਕਰਕੇ ਕੰਮ ਸ਼ੁਰੂ ਕੀਤਾ ਗਿਆ ਪਰ ਸੈਕਟਰ 74 ਅਤੇ ਸੈਕਟਰ 91 ਮੋਹਾਲੀ ਦੇ ਤਮਾਮ ਨਿਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਕੰਮ ਰੁਕਵਾ ਦਿੱਤਾ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਤਿਹਾਸਿਕ ਸਥਾਨ ਅਤੇ ਰਹਾਇਸ਼ੀ ਇਲਾਕਿਆਂ ਦੇ ਨੇੜੇ ਡੰਪਿੰਗ ਗਰਾਊਂਡ ਬਣਾਉਣਾ ਲੋਕਾਂ ਅਤੇ ਯਾਤਰੀਆਂ ਦੀ ਸਿਹਤ ਸਮੇਤ ਵਾਤਾਵਰਣ ਦੋਵਾਂ ਲਈ ਖ਼ਤਰਨਾਕ ਸਾਬਤ ਹੋਏਗਾ।
ਡੰਪਿੰਗ ਗਰਾਊਂਡ ਤੋਂ ਪੈਦਾ ਹੋਣ ਵਾਲੀ ਬਦਬੂ, ਮੱਖੀਆਂ ਅਤੇ ਮੱਛਰਾਂ ਦੇ ਨਾਲ-ਨਾਲ ਗੰਭੀਰ ਤੇ ਮਾਰੂ ਬਿਮਾਰੀਆਂ ਦਾ ਖ਼ਤਰਾ ਵੱਧੇਗਾ। ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ‘ਤੇ ਵੀ ਇਸ ਵਰਤਾਰੇ ਦਾ ਨਕਾਰਾਤਮਕ ਪ੍ਰਭਾਵ ਪਵੇਗਾ।

ਨਿਵਾਸੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਸਬੰਧੀ ਸੈਕਟਰ ਨਿਵਾਸੀਆਂ ਵੱਲੋਂ ਹਾਈ ਕੋਰਟ ਵਿੱਚ ਕੇਸ ਜਿੱਤਿਆ ਜਾ ਚੁੱਕਾ ਹੈ, ਜਿਸ ਵਿਚ ਸਪਸ਼ਟ ਹੁਕਮ ਹਨ ਕਿ ਇਥੇ ਸਤੰਬਰ ਤੱਕ ਡੰਪਿੰਗ ਗਰਾਊਂਡ ਵਿੱਚ ਕੂੜਾ ਪਾਉਣਾ ਬੰਦ ਕੀਤਾ ਜਾਵੇ। ਪਰ ਦੁਖ ਦੀ ਗੱਲ ਹੈ ਕਿ ਕਾਰਪੋਰੇਸ਼ਨ ਅਤੇ ਇਲਾਕੇ ਦੇ ਐਮਐਲਏ ਤੇ
ਮੋਹਤਬਰ ਵੀ ਇਸ ਅਦਾਲਤੀ ਫ਼ੈਸਲੇ ਨੂੰ ਨਾ ਮੰਨਦੇ ਹੋਏ ਉਸਦੀ ਉਲੰਘਣ ਕਰ ਰਹੇ ਹਨ। ਇਹ ਨਾ ਸਿਰਫ਼ ਲੋਕਾਂ ਦੀ ਭਾਵਨਾਵਾਂ ਨਾਲ ਖਿਲਵਾੜ ਹੈ, ਸਗੋਂ ਅਦਾਲਤ ਦੇ ਹੁਕਮਾਂ ਦੀ ਪਰਵਾਹ ਵੀ ਨਹੀਂ ਕੀਤੀ ਜਾ ਰਹੀ। ਨਿਵਾਸੀਆਂ ਨੇ ਸਪਸ਼ਟ ਕਿਹਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਇਲਾਕੇ ਵਿੱਚ ਕੂੜੇ ਦਾ ਪਹਾੜ ਖੜਾ ਨਹੀਂ ਹੋਣ ਦੇਣਗੇ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਇਸ ਗੈਰ ਜਨਤਕ ਫੈਸਲੇ ਨੂੰ ਰੱਦ ਕਰੇ ਅਤੇ ਡੰਪਿੰਗ ਗਰਾਊਂਡ ਲਈ ਕੋਈ ਵੱਖਰਾ ਤੇ ਰਹਾਇਸ਼ੀ ਇਲਾਕੇ ਤੋਂ ਦੁਰੇਡਾ ਕੋਈ ਸਥਾਨ ਤਲਾਸ਼ ਕਰੇ ਜਿੱਥੇ ਕਿਸੇ ਨੂੰ ਵੀ ਨੁਕਸਾਨ ਨਾ ਪਹੁੰਚੇ।
ਜਸਪ੍ਰੀਤ ਸਿੰਘ ਸਰਪੰਚ ਚੱਪੜ ਚਿੜੀ, ਸ਼ੇਰ ਸਿੰਘ, ਬਲਦੇਵ ਸਿੰਘ, ਰਮਨਦੀਪ ਕੌਰ ਤੇ ਜੁਗਰਾਜ ਸਿੰਘ ਆਦਿ ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੰਮ ਬੰਦ ਨਾ ਕੀਤਾ ਗਿਆ ਤਾਂ ਵਿਰੋਧ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜਨ ਆੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।