ਪੰਜਾਬੀ ਦੀ ਸਾਹਿਤਕ ਗੀਤਕਾਰੀ ਸਮਾਜ ਦੀਆਂ ਮਹੀਨ ਤੰਦਾਂ ਨੂੰ ਫਰੋਲਣ ਵਿਚ ਕਾਮਯਾਬ ਰਹੀ ਹੈ: ਡਾ ਸ਼ਿੰਦਰਪਾਲ ਸਿੰਘ

ਸਾਹਿਤ

ਮੁਹਾਲੀ: 18 ਅਗਸਤ, ਦੇਸ਼ ਕਲਿੱਕ ਬਿਓਰੋ

ਪੰਜਾਬੀ ਦੀ ਸਾਹਿਤਕ ਗੀਤਕਾਰੀ ਦੀ ਬੜੀ ਅਮੀਰ ਪਰੰਪਰਾ ਹੈ ਜਿਸ ਸਦਕਾ ਸੈਂਕੜੇ ਸ਼ਾਹਕਾਰ ਅਤੇ ਨਾ ਭੁੱਲਣ ਯੋਗ ਗੀਤਾਂ ਦਾ ਖ਼ਜ਼ਾਨਾ ਸਾਡੀ ਵਿਰਾਸਤ ਹੈ। ਇਹ ਸ਼ਬਦ ਪੰਜਾਬੀ ਚਿੰਤਕ ਡਾ ਸ਼ਿੰਦਰਪਾਲ ਸਿੰਘ ਨੇ ਇੱਥੋਂ ਦੇ ਸੈਕਟਰ 69 ‌ਦੀ ਲਾਇਬਰੇਰੀ ਵਿਚ ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ‘ਪੰਜਾਬੀ ਸਾਹਿਤਕ ਗੀਤਕਾਰੀ ਦੀ ਪਰੰਪਰਾ ’ਤੇ ਵਿਸ਼ੇਸ਼ ਸੰਵਾਦ’ ਵਿਸ਼ੇ ’ਤੇ ਕਰਵਾਏ ਗਏ ਸਮਾਗਮ ਦੌਰਾਨ ਆਖੇ।

ਸਭਾ ਦੇ ਜਨਰਲ ਸਕੱਤਰ ਡਾ ਸਵੈਰਾਜ ਸੰਧੂ ਵੱਲੋਂ ਹਾਜ਼ਰ ਲੇਖਕਾਂ ਅਤੇ ਸਰੋਤਿਆਂ ਨੂੰ ‘ਜੀ ਆਇਆਂ ਨੂੰ’ ਕਹਿਣ ਨਾਲ਼ ਸ਼ੁਰੂ ਹੋਏ ਸਮਾਗਮ ਦੀ ਪ੍ਰਧਾਨਗੀ ਗੀਤਕਾਰੀ ਦੇ ਖ਼ੋਜੀ ਵਿਦਵਾਨ ਹਰਦਿਆਲ ਸਿੰਘ ਥੂਹੀ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਗੁਰਨਾਮ ਕੰਵਰ ਅਤੇ ਸਭਾ ਦੇ ਪ੍ਰਧਾਨ ਡਾ ਸ਼ਿੰਦਰਪਾਲ ਸਿੰਘ ਨੇ ਕੀਤੀ। ਮੰਚ ਸੰਚਾਲਨ ਗੀਤਕਾਰ ਭੁਪਿੰਦਰ ਮਟੌਰੀਆ ਕਰ ਰਹੇ ਸਨ।

ਲਾਇਬਰੇਰੀ ਦੇ ਖਚਾਖਚ ਭਰੇ ਹਾਲ ਵਿਚ ਸਾਹਿਤਕ ਗੀਤਕਾਰੀ ਬਾਰੇ ਆਪਣਾ ਪਰਚਾ ਪੇਸ਼ ਕਰਦਿਆਂ ਡਾ  ਸ਼ਿੰਦਰਪਾਲ ਸਿੰਘ ਨੇ ਨੰਦ ਲਾਲ ਨੂਰਪੁਰੀ, ਚਰਨ ਸਿੰਘ ਸਫ਼ਰੀ, ਸ਼ਿਵ ਕੁਮਾਰ ਬਟਾਲਵੀ, ਗੁਰਦੇਵ ਸਿੰਘ  ਮਾਨ, ਹਰਦੇਵ ਦਿਲਗੀਰ, ਮਾਨ ਮਰਾੜਾਂ ਵਾਲਾ, ਦੀਪਕ ਜੈਤੋਈ, ਇੰਦਰਜੀਤ ਹਸਨਪੁਰੀ, ਕਸ਼ਮੀਰ ਕਾਦਰ, ਯਮ੍ਹਲਾ ਜੱਟ, ਗੁਰਦਾਸ ਮਾਨ ਅਤੇ ਸ਼ਮਸ਼ੇਰ ਸਿੰਘ ਸੰਧੂ ਦੇ ਗੀਤਾਂ ਦੇ ਹਵਾਲੇ ਨਾਲ਼ ਕਿਹਾ ਕਿ ਪੰਜਾਬੀ ਦੀ ਅਮੀਰ ਸਾਹਿਤਕ ਗੀਤਕਾਰੀ ਨੂੰ ਇਕ ਪਰਚੇ ਵਿਚ ਸਮੇਟਣਾ ਨਾ-ਮੁਮਕਿਨ ਹੈ ਅਤੇ ਇਹਦੇ ਅਤੀਤ, ਵਰਤਮਾਨ ਤੇ ਭਵਿੱਖ ਨੂੰ ਵਾਚਣਾ, ਸਮਝਣਾ ਅਤੇ ਕਿਸੇ ਸਿੱਟੇ ’ਤੇ ਪਹੁੰਚਣ ਲਈ ਮੁਕੰਮਲ ਖੋਜ ਕਾਰਜ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਨ ਦੇ ਸਰੋਕਾਰ ਅਤੇ ਪੰਜਾਬੀ ਸਮਾਜ ਦੀਆਂ ਬੇਹੱਦ ਮਹੀਨ ਤੰਦਾਂ ਨੂੰ ਬੜੇ ਖ਼ੂਬਸੂਰਤ ਤੇ ਬੇਬਾਕ ਅੰਦਾਜ਼ ਵਿਚ ਪੰਜਾਬੀ ਗੀਤਕਾਰਾਂ ਨੇ ਪਾਠਕਾਂ ਅਤੇ ਸਰੋਤਿਆਂ ਅੱਗੇ ਫਰੋਲਿਆ ਹੈ।

ਉਪਰੰਤ ਹਰਦਿਆਲ ਸਿੰਘ ਥੂਹੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਗੀਤਾਂ ਦਾ ਸੰਸਾਰ ਅਜਿਹਾ ਅਥਾਹ ਸਮੁੰਦਰ ਹੈ, ਜਿਸ ਵਿਚ ਹਜ਼ਾਰਾਂ ਗੀਤ ਰੂਪੀ ਮੋਤੀਆਂ ਦਾ ਖ਼ਜ਼ਾਨਾ ਸਾਡਾ ਹਾਸਲ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਸਾਹਿਤ ਦੀ ਇਸ ਅਣਗੌਲੀ ਵਿਧਾ ’ਤੇ ਪੰਜਾਬੀ ਵਿਦਵਾਨਾਂ ਨੂੰ ਨਿੱਠ ਕੇ ਕੰਮ ਕਰਨਾ ਚਾਹੀਦਾ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਜਨਰਲ ਸਕੱਤਰ ਅਤੇ ਸਾਹਿਤਕ ਰਸਾਲੇ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਆਪਣੇ ਸੰਬੋਧਨ ਦੌਰਾਨ ਲੋਕ ਗੀਤਾਂ, ਸਾਹਿਤਕ ਗੀਤਾਂ ਅਤੇ ਲੋਕ-ਪੱਖੀ ਗੀਤਾਂ ਨੂੰ ਵੱਖ-ਵੱਖ ਜ਼ਾਵੀਏ ਤੋਂ ਦੇਖਣ ਦੀ ਗੱਲ ਕਰਦਿਆਂ ਕਿਹਾ ਕਿ ਪੂੰਜੀ ਦੇ ਬੇਬਹਾ ਦਖ਼ਲ ਨੇ ਪੰਜਾਬੀ ਗੀਤਕਾਰੀ ਨੂੰ ਨਿਘਾਰ ਵੱਲ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਸੰਤ ਰਾਮ ਉਦਾਸੀ, ਜੁਗਿੰਦਰ ਮਤਵਾਲਾ ਅਤੇ ਦਰਸ਼ਨ ਸ਼ੌਂਕੀ ਦੇ ਹਵਾਲੇ ਨਾਲ਼ ਕਿਹਾ ਕਿ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਲੋਕ-ਪੱਖੀ ਗੀਤਕਾਰੀ ਅਤੇ ਗਾਇਕੀ ਦੀ ਵਿਰਾਸਤ ਨੂੰ ਸਾਂਭਣਾ ਹੈ।

ਪ੍ਰੋ ਅਵਤਾਰ ਸਿੰਘ ਨੇ ਯਮ੍ਹਲਾ ਜੱਟ ਨਾਲ਼ ਜੁੜੀਆਂ ਆਪਣੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਯਮ੍ਹਲਾ ਜੱਟ ਦਾ ਇਕ ਗੀਤ ਵੀ ਪੇਸ਼ ਕੀਤਾ।

ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਫੈਲੋ  ਡਾ ਦੀਪਕ ਮਨਮੋਹਨ ਸਿੰਘ ਨੇ ਸਾਰੇ ਸੰਵਾਦ ਨੂੰ ਸਮੇਟਦਿਆਂ ਇਸ ਗੱਲ ’ਤੇ ਖ਼ੁਸ਼ੀ ਪ੍ਰਗਟ ਕੀਤੀ ਕਿ ਪੰਜਾਬੀ ਸਾਹਿਤ ਸਭਾ ਮੁਹਾਲੀ ਨੇ ਸਾਹਿਤਕ ਗੀਤਕਾਰੀ ’ਤੇ ਗੱਲ ਸ਼ੁਰੂ ਕਰ ਕੇ ਪੰਜਾਬੀ ਆਲੋਚਕਾਂ ਅਤੇ ਵਿਦਵਾਨਾਂ ਦਾ ਧਿਆਨ ਖਿੱਚਿਆ ਹੈ, ਹੁਣ ਗੱਲ ਅੱਗੇ ਤੁਰੇਗੀ।

ਗਹਿਰ-ਗੰਭੀਰ ਸੰਵਾਦ ਮਗਰੋਂ ਗੀਤ ਦਰਬਾਰ ਸਜਾਇਆ ਗਿਆ; ਜਿਸ ਵਿਚ ਦਰਸ਼ਨ ਤਿਊਣਾ, ਦਵਿੰਦਰ ਕੌਰ ਢਿੱਲੋਂ, ਮੋਹਨੀ ਤੂਰ, ਹਰਭਜਨ ਕੌਰ ਢਿੱਲੋਂ, ਸਿਮਰਨ ਗਰੇਵਾਲ,ਦੀਪਕ ਰਿਖੀ, ਅਮਰ ਵਿਰਦੀ, ਸੁਰਜੀਤ ਬੈਂਸ, ਪਿਆਰਾ ਸਿੰਘ ਰਾਹੀ, ਜਸਬੀਰ ਡਾਬਰ,ਜਗਤਾਰ ਜੋਗ,ਭਗਤ ਰਾਮ ਰੰਗਾੜਾ, ਬਲਵਿੰਦਰ ਢਿੱਲੋਂ, ਹਰਿੰਦਰ ਹਰ,ਬਾਬਕਵਾਲਾ, ਅਮਰਜੀਤ ਸੁਖਗੜ੍ਹ, ਮਹਿੰਦਰ ਸਿੰਘ ਗੋਸਲ, ਗੁਰਦਰਸ਼ਨ ਮਾਵੀ, ਚਰਨਜੀਤ ਕੌਰ, ਬਹਾਦਰ ਸਿੰਘ, ਗੁਰਮੇਲ ਮੌਜੋਵਾਲ ਅਤੇ ਸਰਬਜੀਤ ਨੇ ਹਿੱਸਾ ਲਿਆ।

ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਡਾ ਦਵਿੰਦਰ ਬੋਹਾ, ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਮਲਿਕ, ਕਮਲ ਦੁਸਾਂਝ, ਊਸ਼ਾ ਕੰਵਰ, ਰਾਜਬੀਰ ਕੌਰ, ਪਰਮਜੀਤ ਭੁੱਲਰ, ਅਜੀਤ ਸਿੰਘ ਅਤੇ ਇੰਦਰਜੀਤ ਜਾਵਾ ਹਾਜ਼ਰ ਸਨ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।