ਨਵਾਂਸ਼ਹਿਰ ਗ੍ਰਨੇਡ ਹਮਲੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦੇ ਖੁਲਾਸੇ ਕਾਰਨ ਸੰਭਵ ਹੋਈ ਉਨ੍ਹਾਂ ਦੇ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ
ਸਾਰੇ ਮੁਲਜ਼ਮ ਕੈਨੇਡਾ-ਅਧਾਰਤ ਬੀ.ਕੇ.ਆਈ. ਮਾਸਟਰਮਾਈਂਡ ਜ਼ੀਸ਼ਾਨ ਅਖ਼ਤਰ ਅਤੇ ਅਜੇ ਗਿੱਲ ਦੇ ਇਸ਼ਾਰੇ ’ਤੇ ਕੰਮ ਕਰਦੇ ਸਨ: ਡੀਜੀਪੀ ਗੌਰਵ ਯਾਦਵ
ਦੋਸ਼ੀ ਵਿਅਕਤੀਆਂ ਵੱਲੋਂ ਬਰਾਮਦ ਦੋ ਹੈਂਡ-ਗ੍ਰਨੇਡ ਕਿਤੇ ਗਏ ਸਨ ਬਰਾਮਦ; ਨਵਾਂਸ਼ਹਿਰ ਗ੍ਰਨੇਡ ਹਮਲੇ ਵਿੱਚ ਵਰਤਿਆ ਗਿਆ ਸੀ, ਇਨ੍ਹਾਂ ਵਿਚੋਂ ਇੱਕ ਗ੍ਰਨੇਡ: ਏ.ਆਈ.ਜੀ. ਸੀ.ਆਈ. ਨਵਜੋਤ ਮਾਹਲ
ਚੰਡੀਗੜ੍ਹ, 19 ਅਗਸਤ, ਦੇਸ਼ ਕਲਿੱਕ ਬਿਓਰੋ :
ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਤੋਂ ਕੁਝ ਦਿਨ ਬਾਅਦ, ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਇਸੇ ਮਾਡਿਊਲ ਦੇ ਦੋ ਹੋਰ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ 86ਪੀ ਹੈਂਡਗ੍ਰਨੇਡ ਬਰਾਮਦ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਵਿਸ਼ਵਜੀਤ ਅਤੇ ਜੈਕਸਨ ਵਜੋਂ ਹੋਈ ਹੈ, ਦੋਵੇਂ ਨਕੋਦਰ ਦੇ ਸ਼ੰਕਰ ਦੇ ਰਹਿਣ ਵਾਲੇ ਹਨ।
ਜਾਣਕਾਰੀ ਅਨੁਸਾਰ, ਪੰਜਾਬ ਪੁਲਿਸ ਨੇ ਨਵਾਂਸ਼ਹਿਰ ਗ੍ਰਨੇਡ ਹਮਲੇ ਵਿੱਚ ਸ਼ਾਮਲ ਬੀ.ਕੇ.ਆਈ. ਮਾਡਿਊਲ ਦੇ ਪੰਜ ਕਾਰਕੰੁਨਾਂ, ਜਿਨ੍ਹਾਂ ਵਿੱਚ ਰਿਤਿਕ ਨਰੋਲੀਆ ਅਤੇ ਸੋਨੂੰ ਕੁਮਾਰ ਉਰਫ਼ ਕਾਲੀ ਸ਼ਾਮਲ ਹਨ ਸਮੇਤ ਤਿੰਨ ਜੁਵਿਨਾਈਲ (ਨਾਬਾਲਗ) ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ 86ਪੀ ਹੈਂਡ-ਗ੍ਰਨੇਡ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਕੀਤਾ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਗਲੇਰੇ- ਪਿਛਲੇਰੇ ਸਬੰਧਾਂ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਸੀਆਈ ਜਲੰਧਰ ਨੇ ਕੁਝ ਦਿਨ ਪਹਿਲਾਂ ਰਾਜਸਥਾਨ ਤੋਂ ਦੋ ਬੀ.ਕੇ.ਆਈ. ਕਾਰਕੰੁਨਾਂ ਰਿਤਿਕ ਨਰੋਲੀਆ ਅਤੇ ਇੱਕ ਨਾਬਾਲਗ ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ 86ਪੀ ਹੈਂਡ-ਗ੍ਰਨੇਡ ਬਰਾਮਦ ਕੀਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਖੁਲਾਸੇ ਤੋਂ ਬਾਅਦ ਉਨ੍ਹਾਂ ਦੇ ਸਹਿਯੋਗੀ ਵਿਸ਼ਵਜੀਤ, ਜੋ ਮਲੇਸ਼ੀਆ ਭੱਜਣ ਦੀ ਫਿਰਾਕ ਵਿੱਚ ਸੀ, ਨੂੰ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ ਗਿਆ , ਜਦਕਿ ਉਸਦੇ ਸਾਥੀ ਜੈਕਸਨ ਨੂੰ ਨਕੋਦਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕਾਰਨ ਉਕਤ ਹੈਂਡ ਗ੍ਰਨੇਡ ਬਰਾਮਦ ਹੋਇਆ ।
ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਕੈਨੇਡਾ ਸਥਿਤ ਬੀਕੇਆਈ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਅਤੇ ਅਜੇ ਗਿੱਲ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ।
ਹੋਰ ਵੇਰਵੇ ਸਾਂਝੇ ਕਰਦੇ ਹੋਏ, ਏ.ਆਈ.ਜੀ. ਸੀਆਈ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਸ਼ਵਜੀਤ ਅਤੇ ਜੈਕਸਨ ਨੇ ਇਸ ਸਾਲ ਜੁਲਾਈ ਦੇ ਆਖਰੀ ਹਫ਼ਤੇ ਆਪਣੇ ਸਾਥੀਆਂ ਰਾਹੀਂ ਬਿਆਸ ਤੋਂ ਦੋ ਹੈਂਡ ਗ੍ਰਨੇਡ ਪ੍ਰਾਪਤ ਕੀਤੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਗ੍ਰਨੇਡ 10 ਦਿਨ ਪਹਿਲਾਂ ਐਸਬੀਐਸ ਨਗਰ ਵਿੱਚ ਇੱਕ ਸ਼ਰਾਬ ਦੇ ਠੇਕੇ ਵਿੱਚ ਇਸ ਮਾਡਿਊਲ ਦੇ ਹੋਰ ਮੈਂਬਰਾਂ ਵੱਲੋਂ ਧਮਾਕਾ ਕਰਨ ਲਈ ਵਰਤਿਆ ਗਿਆ ਸੀ।
ਏ.ਆਈ.ਜੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਬੀਐਨਐਸ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਅੰਮ੍ਰਿਤਸਰ ਵਿਖੇ ਕੇਸ ਐਫਆਈਆਰ ਦਰਜ ਕੀਤਾ ਗਿਆ ਹੈ।