ਪੰਜਾਬ ਸਰਕਾਰ ਹੜ੍ਹ ਪੀੜ੍ਹਤ ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਵੇ : ਬੀਬਾ ਹਰਗੋਬਿੰਦ ਕੌਰ
ਫਾਜ਼ਿਲਕਾ, 20 ਅਗਸਤ, ਦੇਸ਼ ਕਲਿੱਕ ਬਿਓਰੋ :
ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਹੜ੍ਹ ਪੀੜ੍ਹਤ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਫਾਜ਼ਿਲਕਾ ਏਰੀਏ ਦੇ ਪਿੰਡਾਂ ਜਮਸ਼ੇਰ ਮੁਹਾਰ, ਜਮਸ਼ੇਰ ਖੀਵਾ, ਰੇਤੇ ਵਾਲੀ ਭੈਣੀ, ਗੁਲਾਬ ਸਿੰਘ ਵਾਲੀ ਭੈਣੀ, ਝੰਗੜ ਭੈਣੀ ਸਮੇਤ ਕਰੀਬ 20 ਪਿੰਡਾਂ ਜੋ ਦਰਿਆਰੀ ਪਾਣੀ ਦੀ ਮਾਰ ’ਚ ਆਏ ਹਨ ਦਾ ਦੌਰਾ ਕਰਦਿਆਂ ਲੋਕਾਂ ਦੇ ਦੁੱਖ ਸੁਣੇ। ਇਸ ਦੌਰਾਨ ਬੀਬਾ ਹਰਗੋਬਿੰਦ ਕੌਰ ਕੋਲ ਆਪਣੇ ਦੁੱਖੜੇ ਰੌਂਦਿਆਂ ਲੋਕਾਂ ਨੇ ਕਿਹਾ ਕਿ ਕੁਦਰਤੀ ਆਫ਼ਤ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ ਪਰ ਅਜੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਮੰਤਰੀ, ਕੋਈ ਮੁੱਖ ਮੰਤਰੀ ਉਨ੍ਹਾਂ ਸਾਰ ਲੈਣ ਲਈ ਨਹੀਂ ਪੁੱਜਿਆ। ਲੋਕਾਂ ਨੇ ਦੱਸਿਆ ਕਿ ਦਰਿਆ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਪਿੰਡ ਹੜ੍ਹ ਦੀ ਮਾਰ ਹੇਠ ਆਏ ਹੋਏ ਹਨ। ਫ਼ਸਲਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ ਤੇ ਇਸ ਵਕਤ ਪਸ਼ੂਆਂ ਦੇ ਚਾਰੇ ਲਈ ਵੀ ਬਹੁਤ ਔਖਾ ਹੋ ਗਿਆ ਹੈ। ਕੁਝ ਲੋਕਾਂ ਦੇ ਘਰ ਵੀ ਡਿੱਗ ਗਏ ਹਨ ਤੇ ਕੁਝ ਡਿੱਗਣ ਕਿਨਾਰੇ ਹਨ। ਇਸ ਦੌਰਾਨ ਕੌਮੀ ਪ੍ਰਧਾਨ ਬੀਬਾ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਹੜ੍ਹ ਪੀੜ੍ਹਤ ਲੋਕਾਂ ਦੀ ਮੱਦਦ ਲਈ ਅੱਗੇ ਆਉਣ ਚਾਹੀਦਾ ਹੈ। ਨਾ ਤਾਂ ਪੰਜਾਬ ਸਰਕਾਰ ਨੇ ਅਬੋਹਰ ਏਰੀਏ ’ਚ ਬਾਰਿਸ਼ਾਂ ਦੇ ਦਿਨਾਂ ’ਚ ਆਏ ਮੀਂਹ ਕਾਰਨ ਹੋਏ ਨੁਕਸਾਨ ਸਬੰਧੀ ਲੋਕਾਂ ਦੀ ਕੋਈ ਸਾਰ ਲਈ ਹੈ ਤੇ ਨਾ ਹੀ ਫਾਜ਼ਿਲਕਾ ਏਰੀਏ ਦੀ ਸਾਰੀ ਲਈ ਹੈ ਤੇ ਨਾ ਹੀ ਪੰਜਾਬ ਦੇ ਹੋਰ ਹਲਕਿਆਂ ’ਚ ਜੋ ਬਰਸਾਤਾਂ ਕਾਰਨ ਨੁਕਸਾਨ ਹੋਇਆ ਉਨ੍ਹਾਂ ਪਿੰਡਾਂ ’ਚ ਕੋਈ ਸਾਰ ਨਹੀਂ ਲਈ। ਪੰਜਾਬ ਸਰਕਾਰ ਨੂੰ ਤੁਰੰਤ ਇਨ੍ਹਾਂ ਪਿੰਡਾਂ ’ਚ ਸਹਾਇਤਾ ਸਮੱਗਰੀ ਭੇਜਣੀ ਚਾਹੀਦੀ ਹੈ ਤੇ ਨਾਲ ਹੀ ਪੀੜ੍ਹਤ ਲੋਕਾਂ ਨੂੰ ਦਵਾਈਆਂ ਦਾ ਇੰਤਜਾਮ ਕਰਨਾ ਚਾਹੀਦਾ ਅਤੇ ਡਿੱਗੇ ਘਰਾਂ, ਪਸ਼ੂਆਂ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਣਾ ਚਾਹੀਦਾ ਹੈ। ਇਸ ਮੌਕੇ ਬਲਵੀਰ ਸਿੰਘ ਸਰਪੰਚ, ਮਹਿੰਦਰ ਕੌਰ, ਨਿਰਮਲ ਕੌਰ ਆਦਿ ਵੀ ਹਾਜ਼ਰ ਸਨ।-ਡੱਬੀ ਵਾਸਤੇ-ਸ਼ੋ੍ਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਮੰਗ ਕੀਤੀ ਕਿ ਉਕਤ ਪਿੰਡਾਂ ਨੂੰ ਤੁਰੰਤ ਸਹਾਇਤਾ ਭੇਜੀ ਜਾਵੇ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।