“ਖੇਡਾਂ ਵਤਨ ਪੰਜਾਬ ਦੀਆਂ-2025” ਟਾਰਚ ਰਿਲੇਅ ਦੀ ਸੰਗਰੂਰ ਤੋਂ ਹੋਈ ਸ਼ੁਰੂਆਤ, ਹੁਸ਼ਿਆਰਪੁਰ ਵਿਖੇ 29 ਅਗਸਤ ਨੂੰ ਪਹੁੰਚੇਗੀ

ਖੇਡਾਂ ਪੰਜਾਬ

ਖੇਡਾਂ ਨੌਜਵਾਨਾਂ ਨੂੰ ਖੇਡ ਖੇਤਰ ਵਿੱਚ ਆਪਣੇ ਹੁਨਰ ਨੂੰ ਹੋਰ ਨਿਖ਼ਾਰਨ ਦਾ ਮੌਕਾ ਪ੍ਰਦਾਨ ਕਰਨਗੀਆਂ – ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ

ਸੰਗਰੂਰ, 20 ਅਗਸਤ, ਦੇਸ਼ ਕਲਿੱਕ ਬਿਓਰੋ

ਪੰਜਾਬ ਸਰਕਾਰ ਵੱਲੋਂ “ਖੇਡਾਂ ਵਤਨ ਪੰਜਾਬ ਦੀਆਂ-2025” ਸਬੰਧੀ ਟਾਰਚ ਰਿਲੇਅ ਦੀ ਸ਼ੁਰੂਆਤ ਅੱਜ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਤੋਂ ਕੀਤੀ ਗਈ। ਇਸ ਰਿਲੇਅ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵੈਟਰਨ ਅਥਲੀਟ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਸ੍ਰ ਰਾਜਵੰਤ ਸਿੰਘ ਘੁੱਲੀ, ਐੱਸ ਡੀ ਐੱਮ ਸੰਗਰੂਰ ਸ੍ਰ ਚਰਨਜੋਤ ਸਿੰਘ ਵਾਲੀਆ, ਜ਼ਿਲ੍ਹਾ ਖੇਡ ਅਫ਼ਸਰ ਸ੍ਰ ਨਵਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਆਮ ਲੋਕ ਹਾਜ਼ਰ ਸਨ।

ਰਿਲੇਅ ਦੌਰਾਨ ਮਸ਼ਾਲ ਨੂੰ ਅੰਤਰਰਾਸ਼ਟਰੀ ਖਿਡਾਰੀਆਂ ਪਰਮਜੀਤ ਕੌਰ (ਹੈਂਡਬਾਲ), ਗੁਰਸੇਵਕ ਸਿੰਘ ਚੀਮਾ ਅਤੇ ਦਕਸ਼ਨੂ ਸਿੰਘ (ਰੋਲਰ ਸਕੇਟਿੰਗ), ਹਰਸ਼ਦੀਪ ਕੌਰ (ਵੇਟ ਲਿਫਟਿੰਗ) ਅਤੇ ਹੋਰ ਰਾਜ ਪੱਧਰੀ ਖਿਡਾਰੀਆਂ ਨੇ ਚੁੱਕ ਕੇ ਪੂਰੇ ਸ਼ਹਿਰ ਦਾ ਦੌਰਾ ਕੀਤਾ।

ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਖੇਡਾਂ ਦਾ ਉਦਘਾਟਨੀ ਸਮਾਰੋਹ 29 ਅਗਸਤ, 2025 ਨੂੰ ਹੁਸ਼ਿਆਰਪੁਰ ਵਿਖੇ ਹੋਵੇਗਾ। ਇਹ ਟਾਰਚ ਰਿਲੇਅ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਹੁੰਦੀ ਹੋਈ 29 ਅਗਸਤ ਨੂੰ ਹੁਸ਼ਿਆਰਪੁਰ ਵਿਖੇ ਸਮਾਪਤ ਹੋਵੇਗੀ। ਇਹਨਾਂ ਖੇਡਾਂ ਅਧੀਨ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਕਰਵਾਉਣ ਦੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਗਈ ਹੈ। ਇਹ ਖੇਡਾਂ 3 ਸਤੰਬਰ ਤੋਂ 23 ਨਵੰਬਰ, 2025 ਤੱਕ ਸੂਬੇ ਦੇ ਵੱਖ ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਖੇਡ ਸਟੇਡੀਅਮਾਂ ਵਿੱਚ ਕਰਵਾਏ ਜਾਣਗੇ।

ਦੱਸਣਯੋਗ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ 37 ਤੋਂ ਵਧੇਰੇ ਖੇਡਾਂ ਦੇ 9 ਉਮਰ ਵਰਗਾਂ ਵਿੱਚ 5 ਲੱਖ ਦੇ ਕਰੀਬ ਖਿਡਾਰੀ ਤਗਮਿਆਂ ਦੀ ਦੌੜ ਵਿੱਚ ਹਿੱਸਾ ਲੈਣਗੇ। ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਰਾਸ਼ੀ ਦੇ ਨਕਦ ਇਨਾਮ ਵੰਡੇ ਜਾਣਗੇ। ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪੈਰਾ ਵਰਗ ਵਿੱਚ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰਲਿਫਟਿੰਗ ਵਰਗੀਆਂ ਖੇਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ।

ਉਹਨਾਂ ਰੂਟ ਪਲਾਨ ਦਾ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ ਇਹ ਰਿਲੇਅ 20 ਅਗਸਤ ਨੂੰ ਸੰਗਰੂਰ, ਬਰਨਾਲਾ ਅਤੇ ਮਾਨਸਾ, 21 ਅਗਸਤ ਨੂੰ ਬਠਿੰਡਾ ਅਤੇ ਸ਼੍ਰੀ ਮੁਕਤਸਰ ਸਾਹਿਬ, 22 ਅਗਸਤ ਨੂੰ ਫਾਜ਼ਿਲਕਾ ਅਤੇ ਫਰੀਦਕੋਟ, 23 ਅਗਸਤ ਨੂੰ ਫਿਰੋਜ਼ਪੁਰ ਅਤੇ ਤਰਨ ਤਾਰਨ, 24 ਅਗਸਤ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਗੁਰਦਾਸਪੁਰ, 25 ਅਗਸਤ ਨੂੰ ਪਠਾਨਕੋਟ, ਕਪੂਰਥਲਾ ਅਤੇ ਜਲੰਧਰ, 26 ਅਗਸਤ ਨੂੰ ਮੋਗਾ ਅਤੇ ਲੁਧਿਆਣਾ, 27 ਅਗਸਤ ਨੂੰ ਮਾਲੇਰਕੋਟਲਾ, ਪਟਿਆਲਾ ਅਤੇ ਸ਼੍ਰੀ ਫ਼ਤਹਿਗੜ੍ਹ ਸਾਹਿਬ, 28 ਅਗਸਤ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਰੂਪਨਗਰ ਅਤੇ 29 ਅਗਸਤ ਨੂੰ ਸ਼ਹੀਦ ਭਗਤ ਸਿੰਘ ਨਗਰ ਹੁੰਦੀ ਹੋਈ ਹੁਸ਼ਿਆਰਪੁਰ ਵਿਖੇ ਸਮਾਪਤ ਹੋਵੇਗੀ।

ਉਹਨਾਂ ਕਿਹਾ ਕਿ ਐਨੇ ਵੱਡੇ ਪੱਧਰ ‘ਤੇ ਇਸ ਖੇਡ ਮੇਲੇ ਨੂੰ ਕਰਵਾਉਣ ਦਾ ਉਦੇਸ਼ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਕੀਤਾ ਜਾ ਸਕੇ। ਇਸ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਬਹੁਤ ਵੱਡਾ ਹੁਲਾਰਾ ਮਿਲੇਗਾ। ਇਹ ਖੇਡਾਂ ਨੌਜਵਾਨਾਂ ਨੂੰ ਖੇਡ ਖੇਤਰ ਵਿੱਚ ਆਪਣੇ ਹੁਨਰ ਨੂੰ ਹੋਰ ਨਿਖ਼ਾਰਨ ਦਾ ਮੌਕਾ ਪ੍ਰਦਾਨ ਕਰਨਗੀਆਂ। ਉਹਨਾਂ ਜ਼ਿਲ੍ਹਾ ਸੰਗਰੂਰ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਸੱਦਾ ਦਿੱਤਾ ਕਿ ਉਹ ਇਹਨਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।