ਹਿਮਾਚਲ ਵਿੱਚ ਮੀਂਹ ਕਾਰਨ ਲਗਾਤਾਰ ਵਧ ਰਿਹਾ ਡੈਮਾਂ ‘ਚ ਪਾਣੀ ਦਾ ਪੱਧਰ, ਪੰਜਾਬ ‘ਚ ਅਲਰਟ ਜਾਰੀ

Punjab

ਚੰਡੀਗੜ੍ਹ, 21 ਅਗਸਤ, ਦੇਸ਼ ਕਲਿਕ ਬਿਊਰੋ :
ਹਿਮਾਚਲ ਵਿੱਚ ਮੀਂਹ ਕਾਰਨ ਡੈਮਾਂ ‘ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪੌਂਗ ਡੈਮ ਇਸ ਸਮੇਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਜਿਸ ਕਾਰਨ ਇਸ ਵਿੱਚੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ। ਪਾਣੀ ਦਾ ਡਿਸਚਾਰਜ ਅਤੇ ਇਨਫਲੋ ਬਰਾਬਰ ਰੱਖਿਆ ਗਿਆ ਹੈ, ਤਾਂ ਜੋ ਡੈਮ ਵਿੱਚ ਪਾਣੀ ਦਾ ਪੱਧਰ ਨਾ ਵਧੇ। ਕੱਲ੍ਹ ਤੋਂ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1383.3 ਫੁੱਟ ਦਰਜ ਕੀਤਾ ਗਿਆ ਹੈ। ਜਦੋਂ ਕਿ ਇਸ ਡੈਮ ਤੋਂ ਡਿਸਚਾਰਜ ਅਤੇ ਇਨਫਲੋ 59835 ਕਿਊਸਿਕ ਹੈ। ਪੋਂਗ ਡੈਮ ਦੇ ਪਾਣੀ ਦੇ ਪੱਧਰ ਨੂੰ ਲੈ ਕੇ ਹੁਸ਼ਿਆਰਪੁਰ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।
ਹੁਸ਼ਿਆਰਪੁਰ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਪੌਂਗ ਡੈਮ ਦੀ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਘੰਟੇ-ਦਰ-ਘੰਟੇ ਰਿਪੋਰਟਿੰਗ ਸਿਸਟਮ ਲਾਗੂ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਲਾਪਰਵਾਹੀ ਦੀ ਕੋਈ ਗੁੰਜਾਇਸ਼ ਨਾ ਰਹੇ। ਸੰਵੇਦਨਸ਼ੀਲ ਪਿੰਡਾਂ ਵਿੱਚ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਲੋੜ ਪੈਣ ‘ਤੇ ਤੁਰੰਤ ਮਦਦ ਮੁਹੱਈਆ ਕਰਵਾਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸੁਰੱਖਿਆ, ਰਾਹਤ ਅਤੇ ਸੰਚਾਰ ਨਾਲ ਸਬੰਧਤ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਭਰੋਸਾ ਕਰਨ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ, ਜ਼ਿਲ੍ਹਾ ਕੰਟਰੋਲ ਰੂਮ (01882-220412) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
21 ਅਗਸਤ ਨੂੰ ਸਵੇਰੇ 6 ਵਜੇ ਦੇ ਅੰਕੜਿਆਂ ਅਨੁਸਾਰ, ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਸਾਰੇ ਡੈਮ 85 ਪ੍ਰਤੀਸ਼ਤ ਤੋਂ ਵੱਧ ਭਰੇ ਹੋਏ ਹਨ।
ਭਾਖੜਾ ਡੈਮ (ਸਤਲੁਜ ਦਰਿਆ ‘ਤੇ) – ਇਸਦਾ ਪਾਣੀ ਦਾ ਪੱਧਰ 1666.00 ਫੁੱਟ ਦਰਜ ਕੀਤਾ ਗਿਆ, ਜੋ ਕਿ ਕੁੱਲ ਸਮਰੱਥਾ ਦਾ ਲਗਭਗ 87.35% ਹੈ। ਇਸ ਸਮੇਂ, ਇਸ ਵਿੱਚ 58671 ਕਿਊਸਿਕ ਪਾਣੀ ਆ ਰਿਹਾ ਹੈ ਅਤੇ 40392 ਕਿਊਸਿਕ ਛੱਡਿਆ ਜਾ ਰਿਹਾ ਹੈ।
ਪੋਂਗ ਡੈਮ (ਬਿਆਸ ਦਰਿਆ ‘ਤੇ) – ਇਸਦਾ ਪਾਣੀ ਦਾ ਪੱਧਰ 1383.12 ਫੁੱਟ ਸੀ, ਜੋ ਕਿ ਕੁੱਲ ਸਮਰੱਥਾ ਦਾ ਲਗਭਗ 83.25% ਹੈ। ਇੱਥੇ 59835 ਕਿਊਸਿਕ ਪਾਣੀ ਆ ਰਿਹਾ ਹੈ ਅਤੇ ਇੰਨੀ ਹੀ ਮਾਤਰਾ ਵਿੱਚ ਛੱਡਿਆ ਜਾ ਰਿਹਾ ਹੈ।
ਥੀਨ ਡੈਮ (ਰਾਵੀ ਦਰਿਆ ‘ਤੇ) – ਇਸਦਾ ਪਾਣੀ ਦਾ ਪੱਧਰ 1716.19 ਫੁੱਟ ਦਰਜ ਕੀਤਾ ਗਿਆ, ਜੋ ਕਿ ਕੁੱਲ ਸਮਰੱਥਾ ਦਾ ਲਗਭਗ 88.36% ਹੈ। ਇਸ ਵੇਲੇ ਇਸ ਵਿੱਚ 18216 ਕਿਊਸਿਕ ਪਾਣੀ ਆ ਰਿਹਾ ਹੈ ਅਤੇ 8426 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।