ਚੰਡੀਗੜ੍ਹ, 22 ਅਗਸਤ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ (Jaswinder Bhalla) ਅੱਜ ਇਸ ਦੁਨੀਆ ਵਿੱਚ ਨਹੀਂ ਰਹੇ। ਪੰਜਾਬੀਆਂ ਦੇ ਦਿਲਾਂ ਵਿੱਚ ਰਾਜ ਕਰਨ ਵਾਲੇ ਕਾਮੇਡੀਅਨ ਨੇ ਅੱਜ 65 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੀ ਮੌਤ ਉਤੇ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਪੰਜਾਬ ਦੇ ਕਮੇਡੀਅਨ ਕਲਾਕਾਰ ਜਸਵਿੰਦਰ ਭੱਲਾ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ। ਉਹਨਾਂ ਵੱਲੋਂ ਪੰਜਾਬੀ ਫ਼ਿਲਮ ਜਗਤ ਅਤੇ ਪੰਜਾਬ ਖੇਤੀਬਾੜੀ ਯੂਨਿਵਰਸਿਟੀ ‘ਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ। ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਹੌਸਲਾ-ਹਿੰਮਤ ਬਖ਼ਸ਼ਣ।‘
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੋਸ਼ਲ ਮੀਡੀਆ ਉਤੇ ਉਨ੍ਹਾਂ ਨਾਲ ਫੋਟੋ ਸਾਂਝੇ ਕਰਦੇ ਹੋਏ ਲਿਖਿਆ, ‘”ਆਪਣੀ ਕਲਾ ਜ਼ਰੀਏ ਹਾਸਿਆਂ ਦੀ ਮਹਿਕ ਵੰਡਣ ਵਾਲੀ ਬੁਲੰਦ ਆਵਾਜ਼ ਜਸਵਿੰਦਰ ਭੱਲਾ, ਹਮੇਸ਼ਾ ਲਈ ਖ਼ਾਮੋਸ਼ ਹੋ ਗਈ ਹੈ, ਜਸਵਿੰਦਰ ਭੱਲਾ ਨੇ ਜਿੱਥੇ ਕਾਮੇਡੀ ਜ਼ਰੀਏ ਲੋਕਾਂ ਨੂੰ ਹਸਾਉਣ ਦਾ ਕੰਮ ਕੀਤਾ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਸ਼ਬਦਾਂ ਦੇ ਹੁਨਰ ਦੀ ਵਰਤੋਂ ਕੀਤੀ, ਉੱਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰਾਹੀਂ ਕਿਸਾਨੀ ਕਿੱਤੇ ਨੂੰ ਪ੍ਰਫੁੱਲਿਤ ਕਰਨ ਵਿਚ ਵੀ ਆਪਣਾ ਯੋਗਦਾਨ ਪਾਇਆ।ਉਹ ਆਪਣੀ ਕਲਾ ਦੀ ਬਦੌਲਤ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਚ ਹਮੇਸ਼ਾ ਵਸਦੇ ਰਹਿਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉਤੇ ਲਿਖਿਆ, ‘ਪੰਜਾਬ ਦੇ ਮਸ਼ਹੂਰ ਕਮੇਡੀਅਨ ਕਲਾਕਾਰ ਅਤੇ ਵਧੀਆ ਇਨਸਾਨ ਜਸਵਿੰਦਰ ਭੱਲਾ ਜੀ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ, ਉਹਨਾਂ ਨੇ ਆਪਣੀ ਵਧੀਆ ਕਲਾਕਾਰੀ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕੀਤਾ। ਇਸ ਭੱਜ ਦੌੜ ਦੀ ਜਿੰਦਗੀ ਵਿੱਚ ਲੋਕਾਂ ਦੇ ਚੇਹਰਿਆਂ ‘ਤੇ ਮੁਸਕਾਨ ਲਿਆਉਣ ਵਾਲੇ ਭੱਲਾ ਜੀ ਨੂੰ ਪੰਜਾਬੀ ਹਮੇਸ਼ਾਂ ਯਾਦ ਕਰਨਗੇ।
ਗੁਰੂ ਸਾਹਿਬ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਪਰਿਵਾਰ ਤੇ ਉਹਨਾਂ ਦੇ ਕਰੋੜਾਂ ਪ੍ਰਸੰਸਕਾ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ।‘
ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, ‘ਪੰਜਾਬੀ ਫ਼ਿਲਮੀ ਜਗਤ ਦੀ ਮਸ਼ਹੂਰ ਹਸਤੀ ਜਸਵਿੰਦਰ ਭੱਲਾ ਜੀ ਦੇ ਅਚਾਨਕ ਆਕਾਲ ਚਲਾਣੇ ਦੀ ਖ਼ਬਰ ਨੇ ਸਮੁੱਚੇ ਪੰਜਾਬੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਭੱਲਾ ਸਾਹਬ ਨੂੰ ਹਰ ਪੰਜਾਬੀ ਹਮੇਸ਼ਾ ਯਾਦ ਕਰੇਗਾ।
ਵਾਹਿਗੁਰੂ ਜੀ ਅੱਗੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹਾਂ,ਅਕਾਲਪੁਰਖ ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।‘
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਉਤੇ ਲਿਖਿਆ, ‘ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਸ. ਜਸਵਿੰਦਰ ਭੱਲਾ ਜੀ ਦੀ ਬੇਵਕਤ ਅਕਾਲ ਚਲਾਣੇ ਦੀ ਖ਼ਬਰ ਸੁਣਕੇ ਮਨ ਨੂੰ ਬਹੁਤ ਦੁੱਖ ਹੋਇਆ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਤੇ ਉਨ੍ਹਾਂ ਦੇ ਲੱਖਾਂ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।‘




