ਬੋਗੋਟਾ, 22 ਅਗਸਤ, ਦੇਸ਼ ਕਲਿਕ ਬਿਊਰੋ :
ਕੋਲੰਬੀਆ ਵਿੱਚ ਦੋ ਵੱਖ-ਵੱਖ ਹਮਲਿਆਂ ਵਿੱਚ 18 ਲੋਕ ਮਾਰੇ ਗਏ। ਕੋਲੰਬੀਆ ਦੇ ਸ਼ਹਿਰ ਕੈਲੀ ਵਿੱਚ ਵੀਰਵਾਰ ਨੂੰ ਏਅਰ ਬੇਸ ਦੇ ਨੇੜੇ ਇੱਕ ਟਰੱਕ ਵਿੱਚ ਬੰਬ ਫਟਿਆ। ਇਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 71 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਧਮਾਕਾ ਮਾਰਕੋ ਫਿਡੇਲ ਸੁਆਰੇਜ਼ ਮਿਲਟਰੀ ਏਵੀਏਸ਼ਨ ਸਕੂਲ ਦੇ ਨੇੜੇ ਹੋਇਆ। ਇਸ ਤੋਂ ਕੁਝ ਘੰਟੇ ਪਹਿਲਾਂ ਕੋਕੀਨ ਦੀ ਫਸਲ ਨੂੰ ਖਤਮ ਕਰਨ ਜਾ ਰਹੇ ਪੁਲਿਸ ਮੁਲਾਜ਼ਮਾਂ ਦੇ ਇੱਕ ਹੈਲੀਕਾਪਟਰ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਜਿਸ ਵਿੱਚ 12 ਪੁਲਿਸ ਅਧਿਕਾਰੀ ਮਾਰੇ ਗਏ ਸਨ।
ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਪਿੱਛੇ ਬਾਗੀ ਸੰਗਠਨ FARC ਦੇ ਧੜੇ ਹਨ। FARC ਦਾ ਉਦੇਸ਼ ਕੋਲੰਬੀਆ ਦੀ ਸਰਕਾਰ ਨੂੰ ਉਖਾੜ ਸੁੱਟਣਾ ਹੈ। ਹਾਲਾਂਕਿ ਇਸ ਸੰਗਠਨ ਨੂੰ 2016 ਵਿੱਚ ਇੱਕ ਸ਼ਾਂਤੀ ਸਮਝੌਤੇ ਤੋਂ ਬਾਅਦ ਭੰਗ ਕਰ ਦਿੱਤਾ ਗਿਆ ਸੀ, ਪਰ ਇਹ ਅਜੇ ਵੀ ਕਈ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਿੱਚ ਸਰਗਰਮ ਹੈ।
