ਡੀ ਟੀ ਐੱਫ ਵੱਲੋਂ ਸਿੱਖਿਆ ਵਿਭਾਗ ‘ਤੇ ਬਦਲੀਆਂ ਵਿੱਚ ਵੱਡੀਆਂ ਧਾਂਦਲੀਆਂ ਦੇ ਦੋਸ਼

ਪੰਜਾਬ

ਚੰਡੀਗੜ੍ਹ, 23 ਅਗਸਤ, ਦੇਸ਼ ਕਲਿੱਕ ਬਿਓਰੋ :

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਜਗਪਾਲ ਬੰਗੀ ਨੇ ਸਿੱਖਿਆ ਵਿਭਾਗ ‘ਤੇ ਬਦਲੀਆਂ ਵਿੱਚ ਵੱਡੀਆਂ ਧਾਂਦਲੀਆਂ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਵਾਰ ਸਿੱਖਿਆ ਵਿਭਾਗ ਵੱਲੋਂ ਬਦਲੀ ਨੀਤੀ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਚਹੇਤਿਆਂ ਨੂੰ ਅੰਦਰ ਖਾਤੇ ਵਿਸ਼ੇਸ਼ ਸਟੇਸ਼ਨ ਦੇਣ ਲਈ ਉਨ੍ਹਾਂ ਵਿਸ਼ੇਸ਼ ਸਟੇਸ਼ਨਾਂ ਨੂੰ ਸਟੇਸ਼ਨ ਚੋਣ ਮੌਕੇ ਖਾਲੀ ਹੀ ਨਹੀਂ ਦਿਖਾਇਆ ਗਿਆ। ਪਰ ਹੁਣ ਜਦੋਂ ਉਨ੍ਹਾਂ ਵਿਸ਼ੇਸ਼ ਸਟੇਸ਼ਨਾਂ ‘ਤੇ ਵਿਸ਼ੇਸ਼ ਅਧਿਆਪਕਾਂ ਦੀਆਂ ਬਦਲੀਆਂ ਹੋ ਕੇ ਆ ਗਈਆਂ ਹਨ ਤਾਂ ਅਧਿਆਪਕ ਦੰਗ ਰਹਿ ਗਏ ਹਨ। ਇਸ ਸਬੰਧੀ ਆਗੂਆਂ ਨੇ ਸਪਸ਼ਟ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਸ਼ਨ ਚੋਣ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਗਰਲਜ ਬਠਿੰਡਾ ਵਿਖੇ ਐੱਸ ਐੱਸ ਦੀ ਖਾਲੀ ਅਸਾਮੀ ਨਹੀਂ ਦਿਖਾਈ ਗਈ ਪਰੰਤੂ ਫਿਰ ਵੀ ਇਸ ਲੁਪਤ ਅਸਾਮੀ ਉੱਤੇ ਬਦਲੀ ਹੋ ਗਈ ਹੈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਚੰਦਸਰ ਬਸਤੀ ਬਠਿੰਡਾ ਵਿਖੇ ਐੱਸ ਐੱਸ ਦੀ ਖਾਲੀ ਅਸਾਮੀ ਨਹੀਂ ਦਿਖਾਈ ਗਈ ਪਰੰਤੂ ਫਿਰ ਵੀ ਇਸ ਲੁਪਤ ਅਸਾਮੀ ਉੱਤੇ ਬਦਲੀ ਹੋ ਗਈ ਹੈ। ਆਗੂਆਂ ਨੇ ਇੰਨ੍ਹਾਂ ਲੁਕੀਆਂ ਹੋਈਆਂ ਅਸਾਮੀਆਂ ਤੇ ਹੋਈਆਂ ਵਿਸ਼ੇਸ਼ ਬਦਲੀਆਂ ਨੂੰ ਧਾਂਦਲੀਆਂ ਦਾ ਸਾਫ਼ ਅਤੇ ਸਪਸ਼ਟ ਸਬੂਤ ਕਿਹਾ ਅਤੇ ਇਸ ਤਰ੍ਹਾਂ ਦੀਆਂ ਧਾਂਦਲੀਆਂ ਲਈ ਸਿੱਖਿਆ ਵਿਭਾਗ ਨੂੰ ਜਿੰਮੇਵਾਰ ਠਹਿਰਾਇਆ।ਇਸਤੋਂ ਇਲਾਵਾ ਅਨੇਕਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਨਾਲ ਇਸ ਗੱਲ ਦਾ ਵੀ ਇਤਰਾਜ਼ ਹੈ ਕਿ ਉਨ੍ਹਾਂ ਨੂੰ ਜਾਂ ਕਿਸੇ ਹੋਰ ਅਧਿਆਪਕ ਨੂੰ ਸਟੇਸ਼ਨ ਚੋਣ ਮੌਕੇ ਖਾਲੀ ਵਿਖਾਏ ਗਏ ਸਟੇਸ਼ਨ ਤੇ ਕਿਸੇ ਵੀ ਅਧਿਆਪਕ ਦੀ ਬਦਲੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਕੁਝ ਅਧਿਆਪਕਾਂ ਦੀ ਸੱਤਵੀਂ ਅੱਠਵੀਂ ਪਹਿਲ(preference) ਵਾਲੇ ਸਟੇਸ਼ਨ ‘ਤੇ ਬਦਲੀ ਕੀਤੀ ਗਈ ਹੈ ਜਦਕਿ ਪਹਿਲੀਆਂ ਛੇ/ਸੱਤ ਪਹਿਲਾਂ (preferences) ਵਾਲੇ ਸਟੇਸ਼ਨ ਖਾਲੀ ਰਹਿ ਗਏ ਹਨ। ਆਗੂਆਂ ਨੇ ਸਿੱਖਿਆ ਵਿਭਾਗ ਦੀ ਬਦਲੀਆਂ ਸਬੰਧੀ ਕਾਰਗੁਜ਼ਾਰੀ ਦੀ ਨਿੰਦਿਆ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਨੇ ਪਿਛਲੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੱਕ ਬਦਲੀਆਂ ਲਈ ਅਧਿਆਪਕਾਂ ਨੂੰ ਇੰਤਜ਼ਾਰ ਕਰਵਾਇਆ ਅਤੇ ਫਿਰ ਵੀ ਜਦੋਂ ਹੁਣ ਕੱਲ੍ਹ ਬਦਲੀਆਂ ਦੇ ਆਰਡਰ ਹੋ ਗਏ ਹਨ ਤਾਂ ਅਨੇਕਾਂ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਥਾਵਾਂ ‘ਤੇ ਅਸਾਮੀ ਖਾਲੀ ਨਾ ਹੋਣ ਜਾਂ ਸਰਪਲੱਸ ਅਸਾਮੀ ਹੋਣ ਕਰਕੇ ਅਧਿਆਪਕਾਂ ਨੂੰ ਜੁਆਇੰਨ ਨਹੀਂ ਕਰਵਾਇਆ ਜਾ ਰਿਹਾ। ਇਸੇ ਤਰ੍ਹਾਂ ਮਿਡਲ ਸਕੂਲ ਵਿੱਚ 50% ਸਟਾਫ ਦੀ ਸ਼ਰਤ ਨਾ ਹੋਣ ਦੇ ਬਾਵਜੂਦ ਤਿੰਨ ਅਧਿਆਪਕਾਂ ਵਿੱਚੋਂ ਦੋ ਅਧਿਆਪਕਾਂ ਦੀ ਬਦਲੀ ਹੋਣ ਕਰਕੇ ਦੋਨਾਂ ਅਧਿਆਪਕਾਂ ਨੂੰ ਕੰਪਲੈਕਸ ਸਕੂਲ ਮੁਖੀ ਵੱਲੋਂ ਫਾਰਗ ਨਹੀਂ ਕੀਤਾ ਜਾ ਰਿਹਾ। ਦਿਵਿਆਂਗ ਅਧਿਆਪਕਾਂ ਨੂੰ ਬਦਲੀ ਵਿੱਚ ਕਿਸੇ ਕਿਸਮ ਦੀ ਪਹਿਲ ਨਹੀਂ ਦਿੱਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਜਿਸ ਮੈਰਿਟ ਅਨੁਸਾਰ ਬਦਲੀਆਂ ਕੀਤੀਆਂ ਗਈਆਂ ਹਨ ਉਸ ਨੂੰ ਜਨਤਕ ਕੀਤਾ ਜਾਵੇ ਅਤੇ ਬਦਲੀਆਂ ਦੇ ਤਿੰਨ ਰਾਊਂਡ ਚਲਾਏ ਜਾਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।