ਕਿਹਾ – ਤੰਦਰੁਸਤ ਭਾਰਤ ਦੀ ਨੀਂਹ ਹੈ ਸੰਤੁਲਿਤ ਆਹਾਰ ਤੇ ਸਿਹਤਮੰਦ ਜੀਵਨ ਸ਼ੈਲੀ
ਮੋਹਾਲੀ, 23 ਅਗਸਤ: ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਜੀ.ਡੀ. ਗੋਇਨਕਾ ਪਬਲਿਕ ਸਕੂਲ, ਮੋਹਾਲੀ ਵਿੱਚ “ਈਟ ਰਾਈਟ ਵਾਕਾਥਾਨ ਤੇ ਮੇਲੇ” ਦਾ ਉਦਘਾਟਨ ਕੀਤਾ। ਇਸ ਸਮਾਗਮ ਦਾ ਆਯੋਜਨ ਜੀ.ਡੀ. ਗੋਇਨਕਾ ਪਬਲਿਕ ਸਕੂਲ ਅਤੇ ਦ ਰੈੱਡ ਕਾਰਪੈਟ ਵੈਂਚਰਜ਼ ਵੱਲੋਂ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ (FSSAI) ਤੇ ਪੰਜਾਬ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਦੇ ਮਾਰਗਦਰਸ਼ਨ ਹੇਠ, ਹਰਬਾਲਾਈਫ਼ ਦੇ ਸਹਿਯੋਗ ਨਾਲ ਕੀਤਾ ਗਿਆ।
ਰਾਜਪਾਲ ਨੇ ਕਟਾਰੀਆ ਆਪਣੇ ਸੰਬੋਧਨ ਵਿੱਚ ਕਿਹਾ ਕਿ “ਈਟ ਰਾਈਟ ਕੇਵਲ ਇੱਕ ਨਾਰਾ ਨਹੀਂ, ਸਗੋਂ ਲੋਕ ਲਹਿਰ ਹੈ ਜਿਸਨੂੰ ਹਰ ਨਾਗਰਿਕ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਸੰਤੁਲਿਤ ਤੇ ਪੌਸ਼ਟਿਕ ਆਹਾਰ ਦੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਮਜ਼ਬੂਤ, ਊਰਜਾਵਾਨ ਅਤੇ ਰਚਨਾਤਮਕ ਭਵਿੱਖ ਲਈ ਤਿਆਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਵੀ ਮੋਟਾਪਾ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਜੀਵਨ ਸ਼ੈਲੀ ਨਾਲ ਜੁੜੀਆਂ ਬੀਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਨ੍ਹਾਂ ਦਾ ਮੁੱਖ ਕਾਰਨ ਅਸੰਤੁਲਿਤ ਖੁਰਾਕ ਅਤੇ ਗੈਰ-ਸਰਗਰਮ ਜੀਵਨ ਸ਼ੈਲੀ ਹੈ। ਇਸ ਲਈ ਲੋੜ ਹੈ ਕਿ ਲੋਕ ਆਪਣੇ ਰੋਜ਼ਾਨਾ ਦੇ ਆਹਾਰ ਵਿੱਚ ਮੋਟੇ ਅਨਾਜ (ਮਿਲੇਟਸ) ਜਿਵੇਂ ਰਾਗੀ, ਜਵਾਰ ਤੇ ਬਾਜਰੇ ਨੂੰ ਸ਼ਾਮਿਲ ਕਰਨ। ਇਹ ਅਨਾਜ ਨਾ ਸਿਰਫ਼ ਪੌਸ਼ਟਿਕ ਹਨ ਸਗੋਂ ਵਾਤਾਵਰਣ ਲਈ ਵੀ ਫਾਇਦੇਮੰਦ ਹਨ।
ਰਾਜਪਾਲ ਨੇ ਕਿਹਾ ਕਿ “ਸੰਤੁਲਿਤ ਆਹਾਰ, ਸਾਫ਼ ਪਾਣੀ, ਸਫ਼ਾਈ ਅਤੇ ਨਿਯਮਤ ਕਸਰਤ ਹੀ ਸਿਹਤਮੰਦ ਜੀਵਨ ਦਾ ਅਧਾਰ ਹਨ।” ਉਨ੍ਹਾਂ ਭਾਰਤ ਸਰਕਾਰ ਵੱਲੋਂ 2018 ਨੂੰ ਰਾਸ਼ਟਰੀ ਪੋਸ਼ਟਿਕ ਅਨਾਜ ਵਰ੍ਹਾ ਅਤੇ 2023 ਨੂੰ ਅੰਤਰਰਾਸ਼ਟਰੀ ਪੋਸ਼ਟਿਕ ਅਨਾਜ ਵਰ੍ਹਾ ਘੋਸ਼ਿਤ ਕਰਨ ਨੂੰ ਦੂਰਦਰਸ਼ੀ ਕਦਮ ਦੱਸਿਆ।
ਉਨ੍ਹਾਂ ਨੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ ਦੀਆਂ ਈਟ ਰਾਈਟ ਇੰਡੀਆ ਮੁਹਿੰਮ ਅਤੇ ਬਲਿਸਫੁਲ ਹਾਈਜੀਨ ਰੇਟਿੰਗ ਵਰਗੀਆਂ ਪਹਿਲਕਦਮੀਆਂ ਦੀ ਵੀ ਸਰਾਹਨਾ ਕੀਤੀ ਜਿਹੜੀਆਂ ਨਾ ਸਿਰਫ਼ ਸ਼ਹਿਰੀ ਖੇਤਰਾਂ ਵਿੱਚ ਸਗੋਂ ਪਿੰਡ ਪੱਧਰ ਤੱਕ ਲੋਕਾਂ ਵਿੱਚ ਸੁਰੱਖਿਅਤ ਤੇ ਸੰਤੁਲਿਤ ਖੁਰਾਕ ਦੀ ਸੰਸਕ੍ਰਿਤੀ ਬਣਾਉਣ ਵਿੱਚ ਯੋਗਦਾਨ ਪਾ ਰਹੀਆਂ ਹਨ।
ਇਸ ਮੌਕੇ ਤੇ ਸਿਹਤ ਮਾਹਿਰ, ਪੋਸ਼ਣ ਮਾਹਿਰ, ਫਿਟਨੈਸ ਉਤਸ਼ਾਹੀ, ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਵਾਕਾਥਾਨ ਵਿੱਚ ਭਾਗ ਲਿਆ। ਮੇਲੇ ਵਿੱਚ ਲੋਕਾਂ ਨੂੰ ਸੰਤੁਲਿਤ ਤੇ ਸਿਹਤਮੰਦ ਆਹਾਰ ਬਦਲਾਂ ਬਾਰੇ ਜਾਣਕਾਰੀ ਦੇਣ ਲਈ ਪ੍ਰਦਰਸ਼ਨੀਆਂ ਤੇ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ।
ਰਾਜਪਾਲ ਨੇ ਆਯੋਜਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ “ਤੰਦਰੁਸਤ ਤੇ ਖੁਸ਼ਹਾਲ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਵਿੱਚ ਸਹਾਇਕ ਹੋਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ ਡੀ ਐਮ ਮੋਹਾਲੀ ਦਮਨਦੀਪ ਕੌਰ, ਡਾਇਰੈਕਟਰ ਫੂਡ ਤੇ ਡਰੱਗ ਪ੍ਰਸ਼ਾਸਨ ਰਵਨੀਤ ਸਿੱਧੂ, ਸਕੂਲ ਪ੍ਰਬੰਧਕ ਤੇ ਸਹਯੋਗੀ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ।