ਮੋਹਾਲੀ, 22 ਅਗਸਤ, 2025: ਦੇਸ਼ ਕਲਿੱਕ ਬਿਓਰੋ
ਪੰਜ ਦਿਨਾਂ ਈਕੋਪ੍ਰਵਾਹ 2025 – ਪੰਜਾਬ ਦਾ ਪਹਿਲਾ ਜਲਵਾਯੂ ਹਫ਼ਤਾ ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ (ਐਨ ਏ ਬੀ ਆਈ), ਮੋਹਾਲੀ ਵਿਖੇ ਇੱਕ ਯਾਦਗਾਰੀ ਗ੍ਰੈਂਡ ਫਿਨਾਲੇ ਨਾਲ ਸਮਾਪਤ ਹੋਇਆ, ਜੋ ਕਿ ਪੰਜਾਬ ਦੀ ਸਥਿਰਤਾ ਅਤੇ ਹਰੀ ਉਦਮੀ ਨਵੀਨਤਾ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਇੱਕ ਲਚਕੀਲੇ ਭਵਿੱਖ ਨੂੰ ਆਕਾਰ ਦੇਣ ਵਿੱਚ ਨੌਜਵਾਨਾਂ ਅਤੇ ਖੋਜਾਰਥੀਆਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜਲਵਾਯੂ ਚੁਣੌਤੀਆਂ ਦੇ ਸਿਰਜਣਾਤਮਕ ਹੱਲ ਲਈ ਭਾਗੀਦਾਰਾਂ ਦੀ ਸ਼ਲਾਘਾ ਕੀਤੀ ਅਤੇ ਟਿਕਾਊ ਉੱਦਮਤਾ ਨੂੰ ਉਤਸ਼ਾਹਿਤ ਕਰਨ ਵਿੱਚ ਪ੍ਰਸ਼ਾਸਨ ਦੇ ਸਮਰਥਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ, “ਜਲਵਾਯੂ ਸੁਰੱਖਿਅਣ ਸਿਰਫ਼ ਇੱਕ ਵਿਸ਼ਵਵਿਆਪੀ ਲੋੜ ਨਹੀਂ ਹੈ, ਇਹ ਇੱਕ ਸਥਾਨਕ ਜ਼ਿੰਮੇਵਾਰੀ ਵੀ ਹੈ। ਈਕੋਪ੍ਰਵਾਹ ਵਰਗੇ ਪਲੇਟਫਾਰਮ ਸਾਡੇ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਉੱਦਮੀਆਂ ਨੂੰ ਸਮਾਜ ਨੂੰ ਬਦਲਣ ਵਾਲੇ ਹੱਲ ਨਾਲ ਅੱਗੇ ਆਉਣ ਲਈ ਸਹੀ ਗਤੀ ਪ੍ਰਦਾਨ ਕਰਦੇ ਹਨ।”
ਨਾਬੀ ਮੋਹਾਲੀ ਵਿਖੇ ਸਮਾਪਤੀ ਸਮਾਰੋਹ ਡੀ ਸੀ ਕੋਮਲ ਮਿੱਤਲ ਅਤੇ ਸ਼੍ਰੀ ਅਸ਼ਵਨੀ ਪਾਰੀਕ, ਕਾਰਜਕਾਰੀ ਨਿਰਦੇਸ਼ਕ, ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ ਦੇ ਉਦਘਾਟਨੀ ਭਾਸ਼ਣਾਂ ਨਾਲ ਸ਼ੁਰੂ ਹੋਇਆ, ਜਿਸ ਨੇ ਪ੍ਰਭਾਵਸ਼ਾਲੀ ਵਿਚਾਰ-ਵਟਾਂਦਰੇ ਅਤੇ ਨਵੀਨਤਾਵਾਂ ਦੇ ਪ੍ਰਦਰਸ਼ਨ ਲਈ ਦਿਸ਼ਾ ਦਿੱਤੀ।
ਸਮਾਪਤੀ ਦੇ ਮੁੱਖ ਅੰਸ਼ਾਂ ਵਿੱਚ ਨੀਤੀ ਪੈਨਲ ਚ ਨੀਤੀ ਨਿਰਮਾਤਾਵਾਂ ਅਤੇ ਮਾਹਰਾਂ ਨੇ ਜਲਵਾਯੂ ਕਾਰਵਾਈ ਨੂੰ ਤੇਜ਼ ਕਰਨ ਲਈ ਸਹਿਯੋਗੀ ਢਾਂਚੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਅਕਾਦਮਿਕ ਪੈਨਲ ਚ “ਹਰੀ ਉਦਮਤਾ” ਨੂੰ ਅੱਗੇ ਲਿਜਾਣ ਅਤੇ ਜਲਵਾਯੂ-ਤਕਨੀਕੀ ਹੱਲ ਲਈ ਇਨਕਿਊਬੇਟਰ ਵਜੋਂ ਸੇਵਾ ਕਰਨ ਵਿੱਚ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੀ ਭੂਮਿਕਾ ‘ਤੇ ਚਰਚਾਵਾਂ ਹੋਈਆਂ। ਨਿਵੇਸ਼ਕ ਅਤੇ ਉੱਦਮੀ ਪੈਨਲ ਚ ਨਿਵੇਸ਼ਕਾਂ ਨੇ ਸਥਿਰਤਾ-ਕੇਂਦ੍ਰਿਤ ਸਟਾਰਟ-ਅੱਪਸ ਨੂੰ ਸਮਰਥਨ ਦੇਣ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ, ਜਦੋਂ ਕਿ ਉੱਦਮੀਆਂ ਨੇ ਆਪਣੇ ਸਫਲ ਤਜਰਬੇ ਦਾ ਪ੍ਰਦਰਸ਼ਨ ਕੀਤਾ ਅਤੇ ਸਰੋਤਿਆਂ ਨੂੰ ਅਸਲ-ਸੰਸਾਰ ਪ੍ਰਭਾਵ ਕਹਾਣੀਆਂ ਨਾਲ ਪ੍ਰੇਰਿਤ ਕੀਤਾ।
ਯੰਗ ਕਲਾਈਮੇਟਾਈਜ਼ਰਜ਼ ਪਿਚਾਥਨ ਫਾਈਨਲ ਦੌਰਾਨ, ਆਈ ਆਈ ਟੀ ਰੋਪੜ, ਆਈ ਆਈ ਐਸ ਈ ਆਰ ਮੋਹਾਲੀ ਅਤੇ ਲੁਧਿਆਣਾ ਦੇ ਮੋਹਰੀ ਸਕੂਲਾਂ ਦੀਆਂ 10 ਵਿਦਿਆਰਥੀ ਟੀਮਾਂ ਨੇ ਨਵੀਨਤਾਕਾਰੀ ਜਲਵਾਯੂ ਹੱਲ ਨਾਲ ਮੁਕਾਬਲਾ ਕੀਤਾ। ਈਕੋਪੋਲੀ (ਡੀ ਸੀ ਐਮ ਯੈੱਸ ਸਕੂਲ, ਲੁਧਿਆਣਾ) ਨੇ 25,000 ਰੁਪਏ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ, ਜਦੋਂ ਕਿ ਫੁੱਟ ਪ੍ਰਿੰਟ ਏਆਈ (ਬੀ ਸੀ ਐਮ ਸਕੂਲ, ਲੁਧਿਆਣਾ) ਨੇ 15,000 ਰੁਪਏ ਦਾ ਦੂਜਾ ਇਨਾਮ ਅਤੇ ਸੈਫੂ (ਆਈ ਆਈ ਟੀ ਰੋਪੜ) ਨੇ 10,000 ਰੁਪਏ ਦਾ ਤੀਜਾ ਇਨਾਮ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ, 5 ਜਲਵਾਯੂ-ਤਕਨੀਕੀ ਸਟਾਰਟ-ਅੱਪਸ ਨੇ 15 ਤੋਂ ਵਧੇਰੇ ਨਿਵੇਸ਼ਕਾਂ ਦੇ ਸਾਹਮਣੇ ਪੇਸ਼ਕਾਰੀ ਕੀਤੀ, ਜਿਸ ਨਾਲ ਸਹਿਯੋਗ ਅਤੇ ਫੰਡਿੰਗ ਦੇ ਮੌਕੇ ਪੈਦਾ ਹੋਏ।
ਇਸ ਮੌਕੇ ‘ਤੇ ਬੋਲਦੇ ਹੋਏ, ਅਯੋਜਕਾਂ ਸ਼੍ਰੀ ਵਿਨੀਤ ਖੁਰਾਨਾ, ਸ਼੍ਰੀ ਸੋਨੂੰ ਬਜਾਜ ਅਤੇ ਸ਼੍ਰੀ ਅਭਿਸ਼ੇਕ ਚੌਹਾਨ ਨੇ ਗ੍ਰੈਂਡ ਫਿਨਾਲੇ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕੀਤੀ ਅਗਵਾਈ ਅਤੇ ਦਿੱਤੇ ਸਹਿਯੋਗ ਲਈ ਡੀ ਸੀ ਕੋਮਲ ਮਿੱਤਲ ਅਤੇ ਐਨ ਏ ਬੀ ਆਈ ਮੋਹਾਲੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਇਕੋਪ੍ਰਵਾਹ ਹਰੇ ਉੱਦਮ ਦੇ ਅੰਦੋਲਨ ਦੇ ਰੂਪ ਵਿੱਚ ਉਭਰ ਰਿਹਾ ਹੈ। ਉਨ੍ਹਾਂ ਕਿਹਾ, “ਡੀ ਸੀ ਕੋਮਲ ਮਿੱਤਲ ਜਿਹੇ ਦੂਰ ਦਰਸ਼ੀਆਂ ਅਤੇ ਐਨ ਏ ਬੀ ਆਈ ਵਰਗੇ ਸੰਸਥਾਨ ਦੇ ਮਾਰਗਦਰਸ਼ਨ ਵਿੱਚ, ਪੰਜਾਬ ਰਾਸ਼ਟਰੀ ਪੱਧਰ ‘ਤੇ ਅਗਵਾਈ ਵਾਲੀ ਭੂਮਿਕਾ ਨਿਭਾਉਣ ਲਈ ਤਿਆਰ ਹੈ।”
ਸਟਾਰਟਅੱਪ ਐਕਸਲੇਟਰ ਚੈਂਬਰ ਆਫ਼ ਕਾਮਰਸ, ਵੀਇਨਕਿਊਬੇਟ, ਅਤੇ ਸੰਵੇਦਨਮ ਦੁਆਰਾ 25 ਤੋਂ ਵੱਧ ਈਕੋਸਿਸਟਮ ਭਾਈਵਾਲਾਂ ਦੇ ਸਹਿਯੋਗ ਨਾਲ ਆਯੋਜਿਤ ਹਫ਼ਤਾ ਭਰ ਚਲਿਆ ਇਹ ਈਕੋਪ੍ਰਵਾਹ 2025, ਆਈ ਆਈ ਟੀ ਰੋਪੜ, ਆਈ ਆਈ ਐਸ ਆਈ ਆਰ ਮੋਹਾਲੀ, ਡੀ ਸੀ ਐਮ ਲੁਧਿਆਣਾ, ਸੁਖਨਾ ਝੀਲ ਚੰਡੀਗੜ੍ਹ ਤੋਂ ਚਲਦਾ ਹੋਇਆ ਨਾਬੀ ਮੋਹਾਲੀ ਵਿਖੇ ਸਮਾਪਤ ਹੋਇਆ।