ਮੋਹਾਲੀ, 24 ਅਗਸਤ, ਦੇਸ਼ ਕਲਿੱਕ ਬਿਓਰੋ :
ਖਰੜ ਵਿਧਾਨ ਸਭਾ ਦੇ ਮੁੱਲਾਂਪੁਰ ਬਾਜ਼ਾਰ, ਨਿਊ ਚੰਡੀਗੜ੍ਹ ਸਥਿਤ ਖੇੜਾ ਮੰਦਰ ਦੇ ਨੇੜੇ ਕੇਂਦਰ ਸਰਕਾਰ ਦੀਆਂ ਜਨਕਲਿਆਣਕਾਰੀ ਯੋਜਨਾਵਾਂ ਨੂੰ ਲੈ ਕੇ ਲਗਾਏ ਗਏ ਜਾ ਰਹੇ ਭਾਜਪਾ ਕੈਂਪ ਦੌਰਾਨ ਭਾਜਪਾ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਸਮੇਤ ਕਈ ਕਾਰਕੁੰਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਦਾ ਵਿਰੋਧ ਕਰਦੇ ਹੋਏ ਕਾਰਕੁੰਨਾਂ ਨੇ ਜ਼ਬਰਦਸਤ ਨਾਅਰੇਬਾਜੀ ਕੀਤੀ ਅਤੇ ਇਸਨੂੰ ਆਮ ਆਦਮੀ ਪਾਰਟੀ ਸਰਕਾਰ ਦੀ ਤਾਨਾਸ਼ਾਹੀ ਤੇ ਗੁੰਡਾਗਰਦੀ ਕਰਾਰ ਦਿੱਤਾ।
ਡਾ. ਸ਼ਰਮਾ ਨੇ ਤਿੱਖਾ ਪ੍ਰਹਾਰ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ। ਰਾਜ ਭਰ ਵਿੱਚ ਭਾਜਪਾ ਵਰਕਰਾ ਨੂੰ ਪਿੰਡਾਂ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ, ਰਸਤਿਆਂ ‘ਤੇ ਪੁਲਿਸ ਦੀ ਨਾਕੇਬੰਦੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ, “ਇੱਕ ਪਾਸੇ ਪੰਜਾਬ ਗੈਂਗਸਟਰਾ ਦਾ ਅੱਡਾ ਬਣਦਾ ਜਾ ਰਿਹਾ ਹੈ, ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ, ਪਰ ਮਾਨ ਸਰਕਾਰ ਇਨ੍ਹਾਂ ਗੰਭੀਰ ਮੁੱਦਿਆਂ ‘ਤੇ ਅੱਖਾਂ ਬੰਦ ਕਰ ਬੈਠੀ ਹੈ। ਉਲਟਾ, ਉਸਨੂੰ ਭਾਜਪਾ ਕਾਰਕੁੰਨਾਂ ਦੇ ਸ਼ਾਂਤੀਪੂਰਨ ਸਮਾਜ ਭਲਾਈ ਦੇ ਕੈਂਪਾ ਤੋਂ ਡਰ ਲੱਗ ਰਿਹਾ ਹੈ।”
ਡਾ. ਸ਼ਰਮਾ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਕਟਾਖਸ਼ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਉਨ੍ਹਾਂ ਦੇ ਦੱਸੇ “ਸਾਮ, ਦਾਮ, ਦੰਡ, ਭੇਦ” ਦੇ ਰਾਹ ‘ਤੇ ਚੱਲ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਭਾਜਪਾ ਕਾਰਕੁੰਨ ਨਾ ਤਾਂ ਰੁਕਣ ਵਾਲੇ ਹਨ ਤੇ ਨਾ ਹੀ ਦਬਾਅ ਹੇਠ ਝੁਕਣ ਵਾਲੇ। ਪੁਲਿਸ ਦੀ ਲਾਠੀਚਾਰਜਨੁਮਾ ਕਾਰਵਾਈ ਨਾਲ ਕਈ ਕਾਰਕੁੰਨ ਜ਼ਖ਼ਮੀ ਵੀ ਹੋਏ ਹਨ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਆਪ ਸਰਕਾਰ ਖੁਦ ਜਗ੍ਹਾ–ਜਗ੍ਹਾ ਕੈਂਪ ਲਗਾਂਦੀ ਹੈ ਤਾਂ ਉਸਨੂੰ ਲੋਕਤੰਤਰ ਕਹਿੰਦੀ ਹੈ, ਪਰ ਜਦੋਂ ਭਾਜਪਾ ਜਨਤਾ ਨੂੰ ਯੋਜਨਾਵਾਂ ਦੀ ਜਾਣਕਾਰੀ ਦੇਵੇ ਤਾਂ ਉਸਨੂੰ ‘ਡਾਟਾ ਚੋਰੀ’ ਦਾ ਨਾਮ ਦੇ ਕੇ ਰੋਕ ਦਿੱਤਾ ਜਾਂਦਾ ਹੈ।
“ਇਹ ਸਰਕਾਰ ਦੀ ਹਤਾਸ਼ਾ ਅਤੇ ਭਾਜਪਾ ਦੇ ਵੱਧ ਰਹੇ ਜਨ ਸਮਰਥਨ ਦਾ ਸਬੂਤ ਹੈ। ਸਾਫ਼ ਹੈ ਕਿ ਮਾਨ ਸਰਕਾਰ ਦੀ ਜ਼ਮੀਨ ਖਿਸਕ ਚੁੱਕੀ ਹੈ ਅਤੇ ਉਹ ਭਾਜਪਾ ਦੀ ਵਧਦੀ ਤਾਕਤ ਤੋਂ ਡਰੀ ਹੋਈ ਹੈ।”