ਸ੍ਰੀ ਅਨੰਦਪੁਰ ਸਾਹਿਬ ਵਿੱਚ ਬਣਾਈ ਜਾਵੇਗੀ ਹੈਰੀਟੇਜ ਸਟ੍ਰੀਟ : ਹਰਜੋਤ ਸਿੰਘ ਬੈਂਸ

ਪੰਜਾਬ

* ਪਹਿਲੇ ਪੜਾਅ ਤਹਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਰਸਤੇ ਨੂੰ 25 ਕਰੋੜ ਰੁਪਏ ਦੀ ਲਾਗਤ ਨਾਲ ਸੁੰਦਰ ਦਿੱਖ ਦਿੱਤੀ ਜਾਵੇਗੀ: ਹਰਜੋਤ ਸਿੰਘ ਬੈਂਸ
* ⁠ਸੰਗਤ ਨੂੰ ਸ਼ਾਂਤੀਪੂਰਨ ਮਾਹੌਲ ਦੇਣ ਲਈ ਵਾਹਨਾਂ ਤੋਂ ਮੁਕਤ ਕੀਤਾ ਜਾਵੇਗਾ ਰਸਤਾ
* ⁠ਸਿੱਖਿਆ ਮੰਤਰੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਲੋਕਾਂ ਨੂੰ ਵਧਾਈ

ਚੰਡੀਗੜ੍ਹ, 24 ਅਗਸਤ, ਦੇਸ਼ ਕਲਿੱਕ ਬਿਓਰੋ :

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੇ ਮੁੱਖ ਗੁਰਦੁਆਰਾ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਿਸ ਪਵਿੱਤਰ ਅਸਥਾਨ ਉੱਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਤੱਕ ਸ਼ਾਨਦਾਰ ਹੈਰੀਟੇਜ ਸਟ੍ਰੀਟ ਬਣਾਉਣ ਦਾ ਐਲਾਨ ਕੀਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਦੁਨੀਆ ਭਰ ਵਿੱਚ ਵਸਦੀ ਸਿੱਖ ਸੰਗਤ ਨੂੰ ਨਿੱਘੀ ਵਧਾਈ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹੈਰੀਟੇਜ ਸਟ੍ਰੀਟ ਪ੍ਰੋਜੈਕਟ ਦਾ ਉਦੇਸ਼ ਇਸ ਪਵਿੱਤਰ ਰਸਤੇ ਨੂੰ ਸੰਗਮਰਮਰ ਦੀ ਸੁੰਦਰ ਨਕਾਸ਼ੀ, ਸਹੁਜਮਈ ਢੰਗ ਨਾਲ ਫੁੱਲ-ਬੂਟੇ ਲਗਾ ਕੇ ਸਜਾਉਣ ਤੋਂ ਇਲਾਵਾ ਮਨਮੋਹਕ ਰੌਸ਼ਨੀ ਦੇ ਪ੍ਰਬੰਧਾਂ ਨਾਲ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਸ਼ਾਂਤਮਈ ਅਧਿਆਤਮਿਕ ਮਾਹੌਲ ਪ੍ਰਦਾਨ ਕਰਨਾ ਹੈ।

ਇਸ ਅਹਿਮ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ 25 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਸ ਰਸਤੇ ਨੂੰ ਪੈਦਲ ਸ਼ਰਧਾਲੂਆਂ ਲਈ ਇੱਕ ਸ਼ਾਂਤ ਤੇ ਵਧੇਰੇ ਅਨੁਕੂਲ ਜ਼ੋਨ ਵਿੱਚ ਬਦਲਿਆ ਜਾਵੇਗਾ, ਜੋ ਵਾਹਨਾਂ ਦੀ ਆਵਾਜਾਈ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗਾ। ਇਸ ਨਾਲ ਸ਼ਰਧਾਲੂ ਸ਼ਾਂਤੀ ਅਤੇ ਸ਼ਰਧਾ ਨਾਲ ਇਸ ਪਵਿੱਤਰ ਮਾਰਗ ਦਾ ਸਫ਼ਰ ਤੈਅ ਕਰਨਗੇ। ਇਸ ਤੋਂ ਇਲਾਵਾ ਤਖ਼ਤ ਸਾਹਿਬ ਨੂੰ ਜਾਣ ਵਾਲੀਆਂ ਪੌੜੀਆਂ ਨੂੰ ਸ਼ਾਨਦਾਰ ਸੰਗਮਰਮਰ ਅਤੇ ਮਨਮੋਹਕ ਡਿਜ਼ਾਈਨ ਨਾਲ ਨਵਾਂ ਰੂਪ ਦਿੱਤਾ ਜਾਵੇਗਾ, ਜੋ ਇਸ ਅਸਥਾਨ ਦੇ ਅਧਿਆਤਮਕ ਮਾਹੌਲ ਵਿੱਚ ਨਵਾਂ ਰੰਗ ਭਰੇਗਾ।

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹੁਣ ਟੈਂਡਰ ਪ੍ਰਕਿਰਿਆ ਪੂਰੀ ਹੋਣ ਦੇ ਨਾਲ ਇਹ ਪ੍ਰੋਜੈਕਟ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ, ਜਿਸ ਦਾ ਉਦਘਾਟਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕਰਨਗੇ। ਇਹ ਵਿਕਾਸ ਸ਼ਰਧਾਲੂਆਂ ਦੇ ਅਧਿਆਤਮਿਕ ਅਨੁਭਵ ਨੂੰ ਵਧਾਉਣ ਦੇ ਨਾਲ-ਨਾਲ ਸਥਾਨਕ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰੇਗਾ। ਇਸ ਪ੍ਰਾਜੈਕਟ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸ਼ਰਧਾਲੂਆਂ ਲਈ ਸਹੂਲਤਾਂ ਵਿੱਚ ਵੀ ਵਾਧਾ ਹੋਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।