ਮੌੜ ਮੰਡੀ, 25 ਅਗਸਤ, ਦੇਸ਼ ਕਲਿੱਕ ਬਿਓਰੋ :
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਿਹਾ ਮੀਂਹ ਲੋਕਾਂ ਲਈ ਆਫਤ ਬਣਿਆ ਹੋਇਆ ਹੈ। ਮੀਂਹ ਕਾਰਨ ਨਹਿਰਾਂ, ਸੂਏ ਵੀ ਪਾਣੀ ਨਹੀਂ ਝੱਲ ਰਹੇ। ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਲੀ ਖੁਰਦ ਵਿੱਚ ਅੱਜ ਸੂਆ ਟੁੱਟਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਟਲੀ ਖੁਰਦ ਤੇ ਦਲੀਏਵਾਲੀ ਦੇ ਕੋਲ ਦੀ ਲੰਘਦਾ ਸੂਆ ਅੱਜ ਕੋਟਲੀ ਦੇ ਖੇਤਾਂ ਵਿੱਚ ਟੁੱਟ ਗਿਆ। ਕੁਝ ਸਮੇਂ ਵਿੱਚ ਹੀ ਸੂਏ ਦਾ ਪਾੜਅ 30-35 ਫੁੱਟ ਹੋ ਗਿਆ। ਇਸ ਨਾਲ ਜ਼ਿਲ੍ਹਾ ਮਾਨਸਾ ਦੇ ਪਿੰਡ ਦਲੀਏਵਾਲੀ ਸਮੇਤ ਸੈਂਕੜੇ ਏਕੜ ਫਸਲ ’ਚ ਪਾਣੀ ਭਰ ਗਿਆ। ਕੁੱਝ ਕਿਸਾਨਾਂ ਵੱਲੋਂ ਠੇਕੇ ’ਤੇ ਜ਼ਮੀਨ ਲੈ ਕੇ ਫਸਲ ਬੀਜੀ ਗਈ ਸੀ, ਜਿੰਨ੍ਹਾਂ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਇਸ ਸਬੰਧੀ ਜਦੋਂ ਸੂਚਨਾ ਪਿੰਡ ਦੇ ਸ੍ਇਰੀ ਗੁਰਦੁਆਰਾ ਸਾਹਿਬ ਤੋਂ ਬੋਲੀ ਗਈ ਤਾਂ ਪਿੰਡ ਵਾਸੀ ਵੱਡੀ ਗਿਣਤੀ ਮੌਕੇ ਉਤੇ ਪਹੁੰਚ ਗਏ ਤੇ ਪਾੜ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਕਿਸਾਨਾਂ ਵੱਲੋਂ ਦਰੱਖਤਾਂ ਦੇ ਟਾਹਣੇ ਆਦਿ ਤੋੜ ਕੇ ਪਾੜ ਵਾਲੀ ਥਾਂ ’ਚ ਸੁੱਟੇ ਗਏ ਅਤੇ ਮਿੱਟੀ ਦੇ ਗੱਟੇ ਭਰ ਕੇ ਰੱਖੇ ਗਏ। ਨੇੜੇ ਸਥਿਤ ਵੇਦਾਂਤਾ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਅਧਿਕਾਰੀਆਂ ਵੱਲੋਂ ਜੇਸੀਬੀ ਵੀ ਮੱਦਦ ਲਈ ਭੇਜੀ ਗਈ, ਜਿਸ ਨਾਲ ਕਿਸਾਨਾਂ ਨੂੰ ਪਾੜ ਪੂਰਨ ’ਚ ਕਾਫੀ ਮੱਦਦ ਮਿਲੀ। ਨਹਿਰੀ ਵਿਭਾਗ ਦੇ ਕੁੱਝ ਅਧਿਕਾਰੀ ਕਾਫੀ ਦੇਰੀ ਮਗਰੋਂ ਮੌਕੇ ’ਤੇ ਪੁੱਜੇ ਪਰ ਉਨ੍ਹਾਂ ਕੋਲ ਕਿਸੇ ਵੀ ਸੂਏ ਜਾਂ ਨਹਿਰ ਆਦਿ ’ਚ ਪਾੜ ਪੈਣ ’ਤੇ ਫੌਰੀ ਮੱਦਦ ਲਈ ਗੱਟਿਆਂ ਆਦਿ ਦਾ ਇੰਤਜਾਮ ਨਹੀਂ ਹੁੰਦਾ। ਮੌਕੇ ਉਤੇ ਪਹੁੰਚੇ ਵਿਭਾਗ ਦੇ ਇੱਕ ਮੁਲਾਜਮ ਨੇ ਕਿਹਾ ਕਿ ਉਹਨਾਂ ਵੱਲੋਂ ਤਲਵੰਡੀ ਸਾਬੋ ਥਰਮਲ ਪਲਾਂਟ ਵਾਲਿਆਂ ਨੂੰ ਦੱਸਿਆ ਗਿਆ ਹੈ ਉੱਥੋਂ ਖਾਲੀ ਗੱਟੇ ਵੀ ਆਉਣਗੇ। ਮੌਕੇ ’ਤੇ ਮੌਜੂਦ ਕਿਸਾਨਾਂ ਨੇ ਆਖਿਆ ਕਿ ਨਹਿਰੀ ਵਿਭਾਗ ਨੂੰ ਸੂਇਆਂ ਆਦਿ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਹਰ ਸਾਲ ਅਨੇਕਾਂ ਥਾਵਾਂ ’ਤੇ ਸੂਏ/ਨਹਿਰਾਂ ਟੁੱਟਣ ਕਾਰਨ ਫਸਲਾਂ ਤੋਂ ਇਲਾਵਾ ਆਬਾਦੀ ਤੱਕ ਵੀ ਪਾਣੀ ਪੁੱਜ ਜਾਂਦਾ ਹੈ।