ਚੰਡੀਗੜ੍ਹ, 26 ਅਗਸਤ, ਦੇਸ਼ ਕਲਿਕ ਬਿਊਰੋ :
ਬੀਤੀ ਰਾਤ ਤੋਂ ਹੀ ਪੰਜਾਬ ਵਿੱਚ ਮੀਂਹ ਪੈ ਰਿਹਾ ਹੈ ਜੋ ਅੱਜ ਸਵੇਰੇ ਵੀ ਜਾਰੀ ਹੈ।ਅੱਜ ਪੰਜਾਬ ਵਿੱਚ ਮੀਂਹ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪੰਜਾਬ ਦੇ 9 ਜ਼ਿਲ੍ਹਿਆਂ ਲਈ ਜਾਰੀ ਕੀਤਾ ਗਿਆ ਹੈ, ਜਦੋਂ ਕਿ ਹੋਰ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।
ਸੂਬੇ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਮੀਂਹ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਹੈ। ਯਾਨੀ ਕਿ ਪੂਰੇ ਸੂਬੇ ਵਿੱਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਮੌਸਮ ਆਮ ਹੋਣ ਤੋਂ ਬਾਅਦ, 29 ਅਗਸਤ ਤੋਂ ਇੱਕ ਨਵੀਂ ਪੱਛਮੀ ਗੜਬੜੀ ਦੁਬਾਰਾ ਸਰਗਰਮ ਹੋ ਜਾਵੇਗੀ, ਜਿਸ ਤੋਂ ਬਾਅਦ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਸੋਮਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਵਿੱਚ 20.6 ਮਿਲੀਮੀਟਰ, ਲੁਧਿਆਣਾ ਵਿੱਚ 7.2 ਮਿਲੀਮੀਟਰ, ਪਠਾਨਕੋਟ ਵਿੱਚ 37 ਮਿਲੀਮੀਟਰ, ਫਿਰੋਜ਼ਪੁਰ ਵਿੱਚ 55.5 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 20 ਮਿਲੀਮੀਟਰ, ਰੂਪਨਗਰ ਵਿੱਚ 5.5 ਮਿਲੀਮੀਟਰ ਅਤੇ ਮੋਹਾਲੀ ਵਿੱਚ 10.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਮੋਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 30.5 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 25.4 ਡਿਗਰੀ, ਲੁਧਿਆਣਾ ਵਿੱਚ 25 ਡਿਗਰੀ, ਪਟਿਆਲਾ ਵਿੱਚ 30 ਡਿਗਰੀ, ਪਠਾਨਕੋਟ ਵਿੱਚ 24 ਡਿਗਰੀ ਅਤੇ ਬਠਿੰਡਾ ਵਿੱਚ 28.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
