ਐਨ ਡੀ ਆਰ ਐਫ ਦੀਆਂ ਟੀਮਾਂ ਵੀ ਮੌਕੇ ਤੇ ਪੁੱਜੀਆਂ
ਅੰਮ੍ਰਿਤਸਰ, 27 ਅਗਸਤ 2025, ਦੇਸ਼ ਕਲਿੱਕ ਬਿਓਰੋ :
ਅਜਨਾਲਾ ਹਲਕੇ ਦੇ ਪਿੰਡਾਂ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਦੀ ਮਦਦ ਲਈ ਸਵੇਰ ਤੋਂ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਜੋ ਕਿ ਰਾਤ 1 ਵਜੇ ਅਜਨਾਲਾ ਧੁਸੀ ਬੰਨ ਦਾ ਦੌਰਾ ਕਰਕੇ ਪਰਤੇ ਸਨ, ਅੱਜ ਸਵੇਰੇ ਫਿਰ 8 ਵਜੇ ਬੰਨ ਟੁੱਟਣ ਦੀ ਖਬਰ ਸੁਣਦੇ ਸਾਰ ਹੀ ਪੀੜਿਤ ਖੇਤਰਾਂ ਵਿੱਚ ਪਹੁੰਚ ਗਏ। ਉਹਨਾਂ ਨੇ ਰਾਹਤ ਕਾਰਜਾਂ ਦੀ ਖੁਦ ਕਮਾਨ ਸੰਭਾਲੀ। ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ ਮਨਿੰਦਰ ਸਿੰਘ ਸਵੇਰ ਤੋਂ ਹੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਪਾਣੀ 20 ਦੇ ਕਰੀਬ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਐਨ:ਡੀ:ਆਰ:ਐਫ ਦੀਆਂ ਟੀਮਾਂ ਵੀ ਰਾਹਤ ਕਾਰਜ ਲਈ ਪੁੱਜ ਚੁੱਕੀਆਂ ਹਨ ਅਤੇ ਬੇੜੀਆਂ ਰਾਹੀਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਨਾਲਾ ਹਲਕੇ ਦੇ ਲੱਗਭੱਗ 20 ਪਿੰਡ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਤੋਂ ਐਨ:ਡੀ:ਆਰ:ਐਫ ਦੀ ਇਕ ਹੋਰ ਟੀਮ ਰਵਾਨਾ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਨਾਲ ਫੌਜ ਦੀ ਮਦਦ ਵੀ ਲੋਕਾਂ ਨੂੰ ਰੈਸਕਿਊ ਕਰਨ ਲਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੱਲ ਰਾਤ ਤੋਂ ਹੀ ਸਮੁੱਚਾ ਪ੍ਰਸਾਸ਼ਨ ਮਸ਼ੀਨਰੀ ਸਮੇਤ ਇਥੇ ਪੁੱਜ ਚੁੱਕਾ ਹੈ ਅਤੇ ਲੋਕਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਵੀ ਮਦਦ ਲਈ ਅੱਗੇ ਆਏ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਿਆਦਾ ਦੇਰ ਨਾ ਕਰਨ ਅਤੇ ਬੇੜੀਆਂ ਰਾਹੀਂ ਢੁਕਵੇਂ ਸਥਾਨ ਤੇ ਪੁੱਜ ਜਾਣ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਤੁਹਾਡੀ ਹਰ ਤਰ੍ਹਾਂ ਦੀ ਸਹਾਇਤਾ ਕਰੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਣੀ ਦਾ ਪੱਧਰ ਹੌਲੀ ਹੌਲੀ ਘਟੇਗਾ ਪਰ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਐਸ:ਐਸ:ਪੀ ਦਿਹਾਤੀ ਸ੍ਰ ਮਨਿੰਦਰ ਸਿੰਘ, ਐਸ:ਡੀ:ਐਮ ਸ੍ਰ ਰਵਿੰਦਰ ਅਰੋੜਾ ਸਮੇਤ ਹੋਰ ਪ੍ਰਸਾਸ਼ਨਿਕ ਅਧਿਕਾਰੀ ਹਾਜਰ ਸਨ।