ਚੰਡੀਗੜ੍ਹ, 28 ਅਗਸਤ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਏ ਹਨ। ਹੜ੍ਹ ਆਉਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਬਣਿਆ ਹੋਇਆ ਹੈ। ਹੜ੍ਹਾਂ ਦੌਰਾਨ ਪਾਣੀ, ਭੋਜਨ ਤੋਂ ਹੋਣ ਵਾਲੀਆਂ ਅਤੇ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
— ਆਮ ਸਾਵਧਾਨੀਆਂ: ਹੜ੍ਹ ਦੇ ਪਾਣੀ ਨਾਲ ਸਿੱਧੇ ਸੰਪਰਕ ਤੋਂ ਬਚੋ ਅਤੇ ਪਾਣੀ ਭਰੇ ਇਲਾਕਿਆਂ ਵਿੱਚ ਤੁਰਦੇ ਸਮੇਂ ਸੁਰੱਖਿਅਤ ਜੁੱਤੇ ਪਹਿਨੋ। ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਵੋ, ਖਾਸ ਕਰਕੇ ਖਾਣਾ ਖਾਣ ਤੋਂ ਪਹਿਲਾਂ।
— ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ: ਸਿਰਫ਼ ਉਬਲਿਆ ਜਾਂ ਕਲੋਰੀਨ ਵਾਲਾ ਪਾਣੀ ਹੀ ਪੀਓ। ਜੇਕਰ ਪਾਣੀ ਉਬਾਲਣਾ ਸੰਭਵ ਨਾ ਹੋਵੇ, ਤਾਂ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਕਰੋ। ਪਾਣੀ ਨੂੰ ਸਾਫ਼, ਢੱਕੇ ਹੋਏ ਡੱਬਿਆਂ ਵਿੱਚ ਸਟੋਰ ਕਰੋ। ਕੋਈ ਵੀ ਅਜਿਹਾ ਭੋਜਨ ਨਾ ਖਾਓ ਜੋ ਹੜ੍ਹਾਂ ਦੇ ਪਾਣੀ ਦੇ ਸੰਪਰਕ ਵਿੱਚ ਆਇਆ ਹੋਵੇ।
— ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ: ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਲਈ ਡੱਬਿਆਂ, ਟਾਇਰਾਂ ਅਤੇ ਛੱਤਾਂ ਤੋਂ ਖੜ੍ਹੇ ਪਾਣੀ ਨੂੰ ਹਟਾਓ। ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਮੱਛਰਦਾਨੀ ਦੀ ਵਰਤੋਂ ਕਰੋ ਅਤੇ ਬਾਹਾਂ ਨੂੰ ਢੱਕਣ ਵਾਲੇ ਪੂਰੇ ਕੱਪੜੇ ਪਾਓ।
— ਸੱਪ ਦੇ ਡੰਗਣ ਤੋਂ ਰੋਕਥਾਮ: ਹਨ੍ਹੇਰਾ ਹੋਣ ਤੋਂ ਬਾਅਦ ਪਾਣੀ ਨਾਲ ਭਰੇ ਜਾਂ ਝਾੜੀਆਂ ਵਾਲੇ ਖੇਤਰਾਂ ਵਿੱਚ ਤੁਰਨ ਤੋਂ ਬਚੋ। ਛੇਕਾਂ ਜਾਂ ਸੰਘਣੀ ਬਨਸਪਤੀ ਵਿੱਚ ਹੱਥ ਜਾਂ ਪੈਰ ਨਾ ਪਾਓ।
— ਚਮੜੀ ਦੀ ਲਾਗ: ਹੜ੍ਹ ਦੇ ਪਾਣੀ ਨਾਲ ਲੰਬੇ ਸਮੇਂ ਤੱਕ ਸੰਪਰਕ ਤੋਂ ਬਚੋ ਅਤੇ ਜਿੰਨੀ ਜਲਦੀ ਹੋ ਸਕੇ, ਗਿੱਲੇ ਕਪੜੇ ਬਦਲ ਕੇ ਸੁੱਕੇ ਕੱਪੜੇ ਪਾਓ। ਸਿਹਤ ਸੰਭਾਲ ਪ੍ਰਦਾਤਾ ਨਾਲ ਸਲਾਹ ਉਪਰੰਤ ਖੁਜਲੀ ਜਾਂ ਧੱਫੜ ਹੋਣ ਦੀ ਸਥਿਤੀ ਵਿੱਚ ਪਾਊਡਰ ਜਾਂ ਮਲਮ ਲਗਾਓ।
— ਦਸਤ ਹੋਣ ‘ਤੇ, ਤੁਰੰਤ ਓ.ਆਰ.ਐਸ. ਪੀਣਾ ਸ਼ੁਰੂ ਕਰੋ ਅਤੇ ਨਜ਼ਦੀਕੀ ਸਿਹਤ ਕੈਂਪ ਜਾਂ ਸੰਸਥਾ ਵਿੱਚ ਜਾਂਚ ਲਈ ਜਾਓ।