ਚੰਡੀਗੜ੍ਹ, 30 ਅਗਸਤ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਥਾਣੇ ਵਿੱਚ ਤਾਇਨਾਤ 3 ਪੁਲਿਸ ਮੁਲਾਜ਼ਮਾਂ, ਜਿਨ੍ਹਾਂ ਵਿੱਚ ਹੈੱਡ ਕਾਂਸਟੇਬਲ ਸੁਰੇਸ਼, ਹੈੱਡ ਕਾਂਸਟੇਬਲ ਮੁਖਰਾਮ ਅਤੇ ਪ੍ਰਦੀਪ ਕੁਮਾਰ ਸ਼ਾਮਲ ਹਨ, ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਹੁਕਮ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਦਿੱਤੇ ਹਨ। ਇਹ ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸ ਥਾਣੇ ਦੇ 2 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਸੀ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੈੱਡ ਕਾਂਸਟੇਬਲ ਸੁਰੇਸ਼ ਅਤੇ ਹੈੱਡ ਕਾਂਸਟੇਬਲ ਮੁਖਰਾਮ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਰਿਹਾ ਸੀ ਅਤੇ ਕੁਝ ਦਿਨ ਪਹਿਲਾਂ ਦੋਵੇਂ ਇੱਕ ਦੂਜੇ ਨਾਲ ਪੈਸਿਆਂ ਬਾਰੇ ਗੱਲ ਕਰ ਰਹੇ ਸਨ। ਇਸ ਦੌਰਾਨ ਦੋਵਾਂ ਵਿੱਚ ਲੜਾਈ ਹੋਈ ਅਤੇ ਪ੍ਰਦੀਪ ਵੀ ਉਸੇ ਸਮੇਂ ਉੱਥੇ ਮੌਜੂਦ ਸੀ। ਸੀਨੀਅਰ ਕਾਂਸਟੇਬਲ ਪ੍ਰਦੀਪ ਕੁਮਾਰ ‘ਤੇ ਵੀ ਦੋਸ਼ ਹੈ। ਇਸ ਦੇ ਨਾਲ ਹੀ ਕਿਸੇ ਹੋਰ ਕਰਮਚਾਰੀ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਅਧਿਕਾਰੀ ਨੂੰ ਭੇਜ ਦਿੱਤੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਐਸਪੀ ਕੰਵਰਦੀਪ ਕੌਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਜਿਸ ਪੈਸੇ ਲਈ ਉਹ ਆਪਸ ਵਿੱਚ ਲੜ ਰਹੇ ਸਨ, ਉਹ ਕਿੱਥੋਂ ਆਏ ਅਤੇ ਕੌਣ ਦਿੰਦੇ ਸਨ। ਸਾਰਿਆਂ ਨੂੰ ਜਲਦੀ ਹੀ ਪੁਲਿਸ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ ਅਤੇ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ।
