ਲੁਧਿਆਣਾ ਪੂਰਬੀ ਵਿੱਚ ਦੋ ਵੱਖ-ਵੱਖ ਆਪਰੇਸ਼ਨਾਂ ਰਾਹੀਂ ਵੱਡੇ ਸ਼ਰਾਬ ਰੈਕੇਟ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਵਿਰੁੱਧ ਕਾਰਵਾਈ
ਆਪ੍ਰੇਸ਼ਨ ਤਹਿਤ ਹੋਈਆਂ 3 ਗ੍ਰਿਫ਼ਤਾਰ, 106 ਖਾਲੀ ਬੋਤਲਾਂ, 39 ਦੁਬਾਰਾ ਭਰੀਆਂ ਬੋਤਲਾਂ, ਵੱਖ-ਵੱਖ ਬੋਟਲਿੰਗ ਉਪਕਰਣ ਅਤੇ ਸਿਰਫ਼ ਚੰਡੀਗੜ੍ਹ ‘ਚ ਵਿਕਰੀ” ਲੇਬਲ ਵਾਲੀਆਂ 60 ਬੋਤਲਾਂ ਬਰਾਮਦ
ਚੰਡੀਗੜ੍ਹ, 31 ਅਗਸਤ, ਦੇਸ਼ ਕਲਿੱਕ ਬਿਓਰੋ :
ਨਾਜਾਇਜ਼ ਸ਼ਰਾਬ ਦੇ ਵਪਾਰ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ, ਪੰਜਾਬ ਅਬਕਾਰੀ ਵਿਭਾਗ ਨੇ 30 ਅਗਸਤ ਨੂੰ ਲੁਧਿਆਣਾ ਪੂਰਬੀ ਰੇਂਜ ਵਿੱਚ ਦੋ ਵੱਡੇ ਆਪਰੇਸ਼ਨ ਚਲਾਏ, ਜਿਸ ਨਾਲ ਪ੍ਰੀਮੀਅਮ ਬ੍ਰਾਂਡ ਬੋਤਲਾਂ ਵਿੱਚ ਸਸਤੀ ਸ਼ਰਾਬ ਭਰਨ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਜ਼ਬਤ ਕੀਤੀ ਗਈ ਜਿਸ ਵਿੱਚ ਸੂਬੇ ਅੰਦਰ ਤਸਕਰੀ ਰਾਹੀਂ ਲਿਆਂਦੀ ਗਈ ਸ਼ਰਾਬ ਵੀ ਸ਼ਾਮਿਲ ਹੈ।
ਇਥੇ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਇਸ ਸਬੰਧੀ ਵੇਰਵੇ ਜਾਰੀ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਅਤੇ ਆਬਕਾਰੀ ਤੇ ਕਰ ਕਮਿਸ਼ਨਰ ਜਤਿੰਦਰ ਜੋਰਵਾਲ ਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਹੇਠ ਇਹ ਆਪਰੇਸ਼ਨ ਬਹੁਤ ਤੇਜ਼ੀ ਨਾਲ ਨੇਪਰੇ ਚਾੜ੍ਹੇ ਗਏ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੈਰ-ਕਾਨੂੰਨੀ ਸਟਾਕ ਨੂੰ ਜ਼ਬਤ ਕਰਨ ਦੇ ਨਾਲ-ਨਾਲ ਅਪਰਾਧੀਆਂ ਵੱਲੋਂ ਪ੍ਰੀਮੀਅਮ ਬੋਤਲਾਂ ਵਿੱਚ ਘੱਟ ਕੁਆਲਿਟੀ ਦੀ ਸ਼ਰਾਬ ਭਰ ਕੇ ਜਨਤਕ ਸਿਹਤ ਨੂੰ ਖ਼ਤਰੇ ਵਿੱਚ ਪਾਉਣ ਦੇ ਇੱਕ ਨਵੇਂ ਢੰਗ ਦਾ ਪਰਦਾਫਾਸ਼ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਧੋਖਾਧੜੀ ਦਾ ਸਪੱਸ਼ਟ ਮਾਮਲਾ ਹੈ ਅਤੇ ਖਪਤਕਾਰਾਂ ਦੀ ਸੁਰੱਖਿਆ ਲਈ ਇੱਕ ਗੰਭੀਰ ਖਤਰਾ ਹੈ, ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਨ੍ਹਾਂ ਆਪਰੇਸ਼ਨਾਂ ਤਹਿਤ ਪਹਿਲੀ ਛਾਪੇਮਾਰੀ ਦੌਰਾਨ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਵਿਭਾਗ ਦੀਆਂ ਇਨਫੋਰਸਮੈਂਟ ਟੀਮਾਂ ਨੇ ਲੁਧਿਆਣਾ ਵਿੱਚ ਚੱਲ ਰਹੇ ਇੱਕ ਅਤਿ-ਆਧੁਨਿਕ ਰੈਕੇਟ ਦਾ ਪਰਦਾਫਾਸ਼ ਕੀਤਾ। ਇਸ ਰੈਕੇਟ ਤਹਿਤ ਮੁਲਜ਼ਮ ਉੱਚ-ਪੱਧਰੀ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ— ਜਿਨ੍ਹਾਂ ਵਿੱਚ ਗਲੇਨਲਿਵਟ, ਜੌਨੀ ਵਾਕਰ ਗੋਲਡ ਲੇਬਲ ਅਤੇ ਸ਼ਿਵਾਸ ਰੀਗਲ ਵਰਗੇ ਬ੍ਰਾਂਡ ਸ਼ਾਮਲ ਸਨ — ਵਿੱਚ ਸਸਤੀ ਇੰਡੀਅਨ ਮੇਡ ਫਾਰੇਨ ਲਿਕਰ (ਆਈ.ਐੱਮ.ਐੱਫ.ਐੱਲ.) ਅਤੇ ਪੰਜਾਬ ਮੀਡੀਅਮ ਲਿਕਰ (ਪੀ.ਐੱਮ.ਐੱਲ.) ਦੀ ਰਿਫਿਲਿੰਗ ਕਰਦੇ ਫੜੇ ਗਏ। ਇਸ ਰੈਕੇਟ ਤਹਿਤ ਖਪਤਕਾਰਾਂ ਨੂੰ ਧੋਖਾ ਦੇਣ ਦੇ ਨਾਲ-ਨਾਲ ਆਬਕਾਰੀ ਡਿਊਟੀ ਦੀ ਚੋਰੀ ਕੀਤੀ ਜਾ ਰਹੀ ਸੀ। ਮੌਕੇ ਤੋਂ ਦੋ ਵਿਅਕਤੀਆਂ ਅਮਿਤ ਵਿਜ ਅਤੇ ਪੰਕਜ ਸੈਣੀ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਵੱਲੋਂ 106 ਖਾਲੀ ਬੋਤਲਾਂ, 39 ਭਰੀਆਂ ਬੋਤਲਾਂ, ਬੋਤਲਾਂ ਨਾਲ ਸਬੰਧਿਤ ਹੋਰ ਸਾਮਾਨ ਅਤੇ ਇੱਕ ਸਵਿਫਟ ਡਿਜ਼ਾਇਰ ਗੱਡੀ ਜ਼ਬਤ ਕੀਤੀ ਗਈ ਹੈ। ਇਸ ਸਬੰਧੀ ਥਾਣਾ ਡਿਵੀਜ਼ਨ ਨੰ. 3, ਲੁਧਿਆਣਾ ਵਿਖੇ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਇਸ ਨੈੱਟਵਰਕ ਬਾਰੇ ਪੂਰਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਇਸ ਦੌਰਾਨ ਚਲਾਏ ਗਏ ਇੱਕ ਵੱਖਰੇ ਆਪਰੇਸ਼ਨ ਵਿੱਚ, ਅਬਕਾਰੀ ਅਧਿਕਾਰੀਆਂ ਨੇ ਪਿੰਡ ਬੁਰਮਾ (ਸਮਰਾਲਾ) ਵਿੱਚ ਵਿਕਰਮਜੀਤ ਸਿੰਘ ਤੋਂ “ਸਿਰਫ ਚੰਡੀਗੜ੍ਹ ਵਿੱਚ ਵਿਕਰੀ ਲਈ” ਲੇਬਲ ਵਾਲੀਆਂ ਨਾਜਾਇਜ਼ ਸ਼ਰਾਬ ਦੀਆਂ 60 ਬੋਤਲਾਂ ਬਰਾਮਦ ਕੀਤੀਆਂ। ਇਹ ਖੇਪ ਗੈਰ-ਕਾਨੂੰਨੀ ਢੰਗ ਨਾਲ ਪੰਜਾਬ ਵਿੱਚ ਲਿਆਂਦੀ ਗਈ ਸੀ, ਜਿਸ ਤੋਂ ਬਾਅਦ ਉਸਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਥਾਣਾ ਸਮਰਾਲਾ ਵਿਖੇ ਪੰਜਾਬ ਆਬਕਾਰੀ ਐਕਟ, 1914 ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅਬਕਾਰੀ ਵਿਭਾਗ ਦੇ ਦ੍ਰਿੜ ਇਰਾਦੇ ਨੂੰ ਦੁਹਰਾਉਂਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਬਕਾਰੀ ਵਿਭਾਗ ਗੈਰ-ਕਾਨੂੰਨੀ ਸਪਲਾਈ ਲੜੀ ਨੂੰ ਖਤਮ ਕਰਨ ਅਤੇ ਨਕਲੀ ਤੇ ਡਿਊਟੀ-ਰਹਿਤ ਸ਼ਰਾਬ ਦੇ ਪ੍ਰਚਲਨ ਨੂੰ ਰੋਕਣ ਲਈ ਸੂਬੇ ਭਰ ਵਿੱਚ ਆਪਣੀਆਂ ਸਖਤ ਇਨਫੋਰਸਮੈਂਟ ਮੁਹਿੰਮਾਂ ਜਾਰੀ ਰੱਖੇਗਾ। ਉਨ੍ਹਾਂ ਦੱਸਿਆ ਕਿ ਨਜਾਇਜ਼ ਸ਼ਰਾਬ ਕੱਢਣ ਵਾਲਿਆਂ ਅਤੇ ਤਸਕਰਾਂ ਵਿਰੁੱਧ ਲਗਾਤਾਰ ਛਾਪੇਮਾਰੀ, ਅਚਨਚੇਤ ਜਾਂਚ ਅਤੇ ਅੰਤਰ-ਰਾਜੀ ਕਾਰਵਾਈਆਂ ਜਾਰੀ ਰਹਿਣਗੀਆਂ। ਵਿੱਤ ਮੰਤਰੀ ਨੇ ਨਾਗਰਿਕਾਂ ਨੂੰ ਨਜਾਇਜ਼ ਸ਼ਰਾਬ ਦੇ ਕਾਰੋਬਾਰ ਸਬੰਧੀ ਗਤੀਵਿਧੀਆਂ ਬਾਰੇ ਵੀ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਨਜ਼ਦੀਕੀ ਅਬਕਾਰੀ ਜਾਂ ਪੁਲਿਸ ਅਧਿਕਾਰੀ ਨੂੰ ਦੇਣ ਦੀ ਅਪੀਲ ਕੀਤੀ, ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਵਿੱਚੋਂ ਨਾਜਾਇਜ਼ ਸ਼ਰਾਬ ਦੇ ਖਤਰੇ ਨੂੰ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।