ਹੜ੍ਹ ਪੀੜਤਾਂ ਦੀ ਮਦਦ ਲਈ ਕੇਂਦਰ ਤੋਂ ਅੰਤਰਿਮ ਰਾਹਤ ਦੀ ਮੰਗ ਕੀਤੀ
ਕਿਹਾ, ਇਸ ਮੁਸ਼ਕਲ ਸਮੇਂ ਵਿੱਚ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਤੁਰੰਤ ਮਦਦ ਦੀ ਲੋੜ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 01 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਬਾਅਦ ਦੁਪਹਿਰ ਅਜਨਾਲਾ ਸਬ-ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਦੇ ਪੰਜ ਟਰੱਕਾਂ ਨੂੰ ਆਪ ਦਫ਼ਤਰ, ਸੈਕਟਰ 76, ਮੋਹਾਲੀ ਤੋਂ ਰਵਾਨਾ ਕੀਤੇ।
ਰਾਹਤ ਟਰੱਕਾਂ ਵਿੱਚ 1,000 ਰਾਸ਼ਨ ਕਿੱਟਾਂ, ਪੀਣ ਵਾਲੇ ਪਾਣੀ ਦੇ 600 ਪੈਕੇਟ, 400 ਮੱਛਰਦਾਨੀ, 400 ਗੱਦੇ ਅਤੇ 200 ਫੋਲਡਿੰਗ ਬਿਸਤਰੇ ਸਨ।
ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਪੰਜਾਬ ਦੇ ਲੋਕਾਂ ਦਾ ਰਾਹਤ ਕਾਰਜਾਂ ਵਿੱਚ ਉਨ੍ਹਾਂ ਦੇ ਭਾਰੀ ਯੋਗਦਾਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਨੇ ਦੇਸ਼ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ, ਅਤੇ ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਸਰਕਾਰ ਆਪਣੇ ਇਨ੍ਹਾਂ ਲੋਕਾਂ ਨਾਲ ਖੜ੍ਹੀ ਹੋਵੇ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ, ਪ੍ਰਸ਼ਾਸਨਿਕ ਮਸ਼ੀਨਰੀ, ਮੰਤਰੀਆਂ ਅਤੇ ਵਿਧਾਇਕਾਂ ਨੂੰ ਮਨੁੱਖਤਾ ਦੀ ਸੇਵਾ ਵਿੱਚ ਲਾਮਬੰਦ ਕਰਕੇ, ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਕੇਂਦਰ ਸਰਕਾਰ ਪਾਸੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਅੰਤਰਿਮ ਰਾਹਤ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਲਈ, ਅੱਗੇ ਆਉਣ ਅਤੇ ਉਨ੍ਹਾਂ ਲੋਕਾਂ ਨੂੰ ਸਹਾਇਤਾ ਦੇਣ ਦਾ ਸਹੀ ਸਮਾਂ ਹੈ ਜੋ ਇਨ੍ਹਾਂ ਮੁਸ਼ਕਲ ਹਾਲਾਤਾਂ ਵਿੱਚ ਆਪਣੇ ਘਰਾਂ, ਪਸ਼ੂਆਂ, ਫਸਲਾਂ ਅਤੇ ਖੇਤੀ ਮਸ਼ੀਨਰੀ ਦੀ ਸੁਰੱਖਿਆ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ, ਜਦੋਂ ਤੱਕ ਨੁਕਸਾਨ ਦਾ ਪੂਰਾ ਮੁਲਾਂਕਣ ਨਹੀਂ ਹੋ ਜਾਂਦਾ, ਕੇਂਦਰ ਵੱਲੋਂ ਤੁਰੰਤ ਅੰਤਰਿਮ ਰਾਹਤ ਦੇਣਾ ਇੱਕ ਸਾਰਥਕ ਸੰਕੇਤ ਹੋਵੇਗਾ।
ਵਿੱਤ ਮੰਤਰੀ ਨੇ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ 60,000 ਕਰੋੜ ਰੁਪਏ ਦੇ ਲੰਬੇ ਸਮੇਂ ਤੋਂ ਲਟਕ ਰਹੇ ਬਕਾਏ ਜਾਰੀ ਕਰੇ – ਜਿਸ ਵਿੱਚ ਜੀਐਸਟੀ ਬਕਾਇਆ, ਆਰਡੀਐਫ ਅਤੇ ਸੜਕ ਮੁਰੰਮਤ ਫੰਡ ਸ਼ਾਮਲ ਹਨ – ਤਾਂ ਜੋ ਪੰਜਾਬ ਸਰਕਾਰ ਜ਼ਰੂਰੀ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਨੂੰ ਪੂਰਾ ਕਰ ਸਕੇ।
ਪੰਜਾਬ ਭਾਜਪਾ ਦੇ ਆਗੂਆਂ ਸੁਨੀਲ ਜਾਖੜ ਅਤੇ ਰਵਨੀਤ ਸਿੰਘ ਬਿੱਟੂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਪਾਰਟੀ ਦੀ ਹਾਈਕਮਾਨ ਨੂੰ ਇਸ ਲੋੜ ਦੀ ਘੜੀ ਵਿੱਚ ਪੰਜਾਬ ਦਾ ਸਮਰਥਨ ਕਰਨ ਲਈ ਪ੍ਰੇਰਿਤ ਕਰਨ। ਸ੍ਰੀ ਚੀਮਾ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੀ ਉਦਾਸੀਨਤਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੌਜੂਦਾ ਹੜ੍ਹ ਸੰਕਟ ਪ੍ਰਤੀ ਉਨ੍ਹਾਂ ਦੀ ਚੁੱਪੀ ਪੰਜਾਬ ਦੇ ਲੋਕਾਂ ਪ੍ਰਤੀ ਉਦਾਸੀਨ ਰਵੱਈਏ ਨੂੰ ਦਰਸਾਉਂਦੀ ਹੈ।
ਇਸ ਮੌਕੇ ਸ੍ਰੀ ਚੀਮਾ ਦੇ ਨਾਲ ਵਿਧਾਇਕ ਕੁਲਵੰਤ ਸਿੰਘ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ, ਮਾਰਕੀਟ ਕਮੇਟੀ ਦੇ ਚੇਅਰਮੈਨ ਗੋਵਿੰਦ ਮਿੱਤਲ ਅਤੇ ਹੋਰ ਸਥਾਨਕ ‘ਆਪ’ ਆਗੂ ਵੀ ਸਨ।