ਮੋਰਿੰਡਾ, 1 ਸਤੰਬਰ (ਭਟੋਆ)
ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ. ਮਲਵਿੰਦਰ ਸਿੰਘ ਕੰਗ ਅਤੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਇੱਥੇ ਹੋਟਲ ਐਨ ਐਚ 95 ਵਿੱਚ ਇਲਾਕੇ ਦੀਆਂ ਪੰਚਾਇਤਾਂ ਦੀ ਇੱਕ ਮੀਟਿੰਗ ਸੱਦੀ ਗਈ, ਜਿਸ ਵਿੱਚ ਸ਼ਾਮਿਲ ਸਮੂਹ ਪੰਚਾਇਤਾਂ ਨੂੰ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਸੱਦਾ ਦਿੱਤਾ ਗਿਆ। ਇਸ ਇਕੱਤਰਤਾ ਲਈ ਪੀਸੀਏ ਐਪੈਕਸ ਕੌਂਸਲ ਦੇ ਮੈਂਬਰ ਬੀਰ ਦਵਿੰਦਰ ਸਿੰਘ ਬੱਲਾਂ ਅਤੇ ਸੀਨੀਅਰ ਆਪ ਆਗੂ ਜਗਤਾਰ ਸਿੰਘ ਘੜੂੰਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਐਮਪੀ ਸਰਦਾਰ ਮਲਵਿੰਦਰ ਸਿੰਘ ਕੰਗ ਅਤੇ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਨੇ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਇਸ ਮੌਕੇ ਹੜਾਂ ਦੀ ਮਾਰ ਹੇਠ ਆਏ ਕਈ ਜ਼ਿਲ੍ਹਿਆਂ ਦੇ ਲੋਕ ਹੜ੍ਹਾਂ ਦੀ ਮਾਰ ਤੋਂ ਬੁਰੀ ਤਰ੍ਹਾਂ ਨਾਲ ਪੀੜਤ ਹਨ। ਉਹਨਾਂ ਕਿਹਾ ਕਿ ਇਸ ਕੁਦਰਤੀ ਕਰੋਪੀ ਦੀ ਮਾਰ ਹੇਠ ਆਏ ਹਜ਼ਾਰਾਂ ਪੰਜਾਬੀਆਂ ਦੀ ਮਦਦ ਕਰਨਾ ਸਾਡਾ ਮੁਢਲਾ ਫਰਜ਼ ਹੈ। ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਅਜਿਹੀ ਕਿਸੇ ਵੀ ਆਫ਼ਤ ਸਮੇਂ ਦੇਸ਼ ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਕੁਦਰਤੀ ਕਰੋਪੀ ਤੋਂ ਪੀੜਤ ਲੋਕਾਂ ਦੀ ਬਗੈਰ ਕਿਸੇ ਭੇਦ ਭਾਵ ਮਦਦ ਕਰਨ ਲਈ ਅੱਗੇ ਹੀ ਨਹੀਂ ਰਹੇ ਸਗੋਂ ਇੱਕ ਦੂਸਰੇ ਤੋਂ ਅੱਗੇ ਹੋ ਕੇ ਕੁਦਰਤੀ ਕਰੋਪੀ ਨਾਲ ਪੀੜਿਤ ਲੋਕਾਂ ਦੀ ਮਦਦ ਕਰਦੇ ਆਏ ਹਨ। ਅਜਿਹੇ ਸਮੇਂ ਵਿੱਚ ਪੰਜਾਬੀਆਂ ਨੇ ਕਦੇ ਵੀ ਪੰਜਾਬੀ, ਗੈਰ ਪੰਜਾਬੀ ਜਾਂ ਕਿਸੇ ਹੋਰ ਸੂਬੇਦਿੱਤਾ ਦੇ ਬਸ਼ਿੰਦੇ ਸਮਝ ਕੇ ਪੀੜਤਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਵਿੱਚ ਕੋਈ ਪੱਖਪਾਤ ਨਹੀਂ ਕੀਤਾ। ਉਹਨਾਂ ਕਿਹਾ ਕਿ ਹੜ ਪੀੜਤਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਵਚਨ ਵੱਧ ਹੈ ਅਤੇ ਪੰਜਾਬ ਸਰਕਾਰ ਦੇ ਵਿਧਾਇਕ, ਮੰਤਰੀ, ਅਫਸਰ ਤਨੋ ਮਨੋ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਸਾਨੂੰ ਇਹ ਗੁਰੂ ਸਾਹਿਬ ਦੀ ਦੇਣ ਹੈ ਕਿ ਸਾਡੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ, ਪੰਚਾਇਤਾਂ ਅਤੇ ਕਲੱਬ ਆਦਿ ਸਦਾ ਹੀ ਪੀੜਤਾਂ ਦੀ ਸਹਾਇਤਾ ਲਈ ਤਤਪਰ ਰਹਿੰਦੇ ਹਨ ਅਤੇ ਹੁਣ ਵੀ ਉਹ ਰਾਹਤ ਕਾਰਜਾਂ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਉਹਨਾਂ ਸਮੂਹ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਇਸ ਮੁਸ਼ਕਿਲ ਦੀ ਘੜੀ ਆਓ ਸਾਰੇ ਭੈਣ ਭਰਾ ਰਲ ਕੇ ਇਸ ਮੁਸ਼ਕਿਲ ਦਾ ਸਾਹਮਣਾ ਕਰਦੇ ਹੋਏ ਆਪਣੇ ਭਰਾਵਾਂ ਨੂੰ ਇਸ ਮੁਸ਼ਕਿਲ ਵਿੱਚੋਂ ਕੱਢਣ ਲਈ ਹਰ ਤਰ੍ਹਾਂ ਦੀ ਰਾਸ਼ਨ ਸਮੱਗਰੀ, ਰਾਹਤ ਸਮੱਗਰੀ, ਪਸ਼ੂ ਚਾਰਾ, ਦਵਾਈਆਂ ਅਤੇ ਹੋਰ ਜਰੂਰਤ ਦੀਆਂ ਵਸਤਾਂ ਆਦਿ ਮੁਹਈਆ ਕਰਵਾਈਏ ਅਤੇ ਆਪ ਵੀ ਰਾਹਤ ਕਾਰਜਾਂ ਦਾ ਹਿੱਸਾ ਬਣ ਕੇ ਆਪਣਾ ਫਰਜ਼ ਨਿਭਾਈਏ। ਇਸ ਮੌਕੇ ‘ਤੇ ਪੰਚਾਇਤ ਵਿਕਾਸ ਯੂਨੀਅਨ ਬਲਾਕ ਮੋਰਿੰਡਾ ਵਲੋਂ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਆਪ ਆਗੂ ਬੀਰ ਦਵਿੰਦਰ ਸਿੰਘ ਬੱਲਾਂ, ਓਐਸਡੀ ਜਗਤਾਰ ਸਿੰਘ ਘੜੂੰਆਂ, ਪੀਏ ਸ਼੍ਰੀ ਚੰਦ, ਰਾਜਵਿੰਦਰ ਸਿੰਘ ਰਾਜੂ ਕੰਗ ਬੂਰ ਮਾਜਰਾ, ਦਵਿੰਦਰ ਸਿੰਘ ਮਝੈਲ, ਗੁਰਪ੍ਰੀਤ ਸਿੰਘ ਅਮਰਾਲੀ, ਭੀਮਾ ਸਹੇੜੀ , ਇੰਦਰਜੀਤ ਸਿੰਘ ਨਥਮਲਪੁਰ, ਗੋਗੀ ਬਲਦੇਵ ਨਗਰ, ਮੇਜਰ ਸਿੰਘ ,ਅਮਨ ਸਮਾਣਾ, ਨਰਾਤਾ ਸਿੰਘ ਅਰਨੌਲੀ, ਗੁਰਦੀਪ ਸਿੰਘ ਮਾਨਖੇੜੀ, ਅੰਜਾ ਧਨੋਰੀ, ਕੁਲਵਿੰਦਰ ਸਿੰਘ ਕਲਾਰਾਂ, ਦਲਵੀਰ ਸਿੰਘ ਮੁੰਡੀਆਂ, ਮੇਜਰ ਸਿੰਘ ਰਸੂਲਪੁਰ, ਕੁਲਵਿੰਦਰ ਸਿੰਘ ਕਲਹੇੜੀ ਆਦਿ ਸਰਪੰਚ ਅਤੇ ਪਤਵੰਤੇ ਵੀ ਸ਼ਾਮਿਲ ਸਨ।