ਪੰਜਾਬ ਦਾ ਵਿੱਤੀ ਵਾਧਾ ਮਜ਼ਬੂਤੀ ਵੱਲ, ਸ਼ੁੱਧ GST ਪ੍ਰਾਪਤੀਆਂ ਵਿੱਚ 26.47 ਫੀਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾ

ਪੰਜਾਬ

ਕੁੱਲ ਟੈਕਸ ਪ੍ਰਾਪਤੀਆਂ ਵਿੱਚ ਵੀ 15.39 ਫੀਸਦੀ ਦਾ ਵਾਧਾ

ਚੰਡੀਗੜ੍ਹ, 1 ਸਤੰਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਸੂਬੇ ਦੀ ਵਿੱਤੀ ਸਥਿਤੀ ਲਗਾਤਾਰ ਮਜ਼ਬੂਤ ਵਿਕਾਸ ਦਰਸਾ ਰਹੀ ਹੈ, ਜਿਸ ਤਹਿਤ ਅਗਸਤ 2025 ਵਿੱਚ ਜੀਐਸਟੀ ਪ੍ਰਾਪਤੀਆਂ ਵਿੱਚ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 18.66 ਫੀਸਦੀ ਦਾ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿੱਤੀ ਵਰ੍ਹੇ ਦੌਰਾਨ ਅਗਸਤ 2025 ਤੱਕ ਜੀਐਸਟੀ ਪ੍ਰਾਪਤੀਆਂ ਵਿੱਚ ਕੁੱਲ ਵਾਧਾ 26.47 ਫੀਸਦੀ ਰਿਹਾ, ਜੋ ਪੰਜਾਬ ਦੇ ਕਰ ਪ੍ਰਸ਼ਾਸਨ ਦੀ ਲਚਕਤਾ ਅਤੇ ਕੁਸ਼ਲਤਾ ਨੂੰ ਪ੍ਰਭਾਸ਼ਿਤ ਕਰਦਾ ਹੈ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੀਆਂ ਕੁੱਲ ਕਰ ਪ੍ਰਾਪਤੀਆਂ ਵਿੱਚ ਵੀ ਸਾਲ-ਦਰ-ਸਾਲ ਕਾਫੀ ਵਾਧਾ ਦਰਜ਼ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅਗਸਤ 2025 ਤੱਕ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 15.39 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਕਰ ਸ਼੍ਰੇਣੀਆਂ ਨਾਲ ਸਬੰਧਤ ਇਹ ਵਾਧੇ ਦਾ ਰੁਝਾਨ ਇੱਕ ਵਿਆਪਕ ਆਰਥਿਕ ਗਤੀ ਅਤੇ ਬਿਹਤਰ ਕਰ ਪਾਲਣਾ ਨੂੰ ਦਰਸਾਉਂਦਾ ਹੈ।

ਅੰਕੜਿਆਂ ਰਾਹੀਂ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਅਗਸਤ 2025 ਲਈ ਸ਼ੁੱਧ ਜੀਐਸਟੀ ਪ੍ਰਾਪਤੀ 2138.80 ਕਰੋੜ ਰੁਪਏ ਰਹੀ, ਜੋ ਅਗਸਤ 2024 ਵਿੱਚ ਇਕੱਠੇ ਕੀਤੇ ਗਏ 1802.50 ਕਰੋੜ ਰੁਪਏ ਦੇ ਮੁਕਾਬਲੇ 336.30 ਕਰੋੜ ਰੁਪਏ ਦਾ ਮਹੱਤਵਪੂਰਨ ਵਾਧਾ ਹੈ। ਉਨ੍ਹਾਂ ਅੱਗੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਅਗਸਤ ਤੱਕ ਕੁੱਲ ਸ਼ੁੱਧ ਜੀਐਸਟੀ ਪ੍ਰਾਪਤੀ 11,338.47 ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਜਦੋਂ ਕਿ ਵਿੱਤੀ ਸਾਲ 2024-25 ਦੀ ਇਸੇ ਮਿਆਦ ਦੌਰਾਨ 8,965.32 ਕਰੋੜ ਰੁਪਏ ਪ੍ਰਾਪਤ ਹੋਏ ਸਨ, ਜੋ 2,373.15 ਕਰੋੜ ਰੁਪਏ ਦੇ ਵਾਧੇ ਨੂੰ ਦਰਸਾਉਂਦਾ ਹੈ।

ਕੁੱਲ ਕਰ ਮਾਲੀਆ ਅੰਕੜਿਆਂ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਗਸਤ 2025 ਤੱਕ ਵੈਟ, ਸੀਐਸਟੀ, ਜੀਐਸਟੀ, ਪੀਐਸਡੀਟੀ ਅਤੇ ਆਬਕਾਰੀ ਤੋਂ ਕੁੱਲ ਸ਼ੁੱਧ ਪ੍ਰਾਪਤੀਆਂ 19,364.36 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਗਈਆਂ ਹਨ। ਇਹ ਪਿਛਲੇ ਵਿੱਤੀ ਸਾਲ ਦੇ ਇਸੇ ਸਮੇਂ ਦੌਰਾਨ ਪ੍ਰਾਪਤ ਕੀਤੇ ਗਏ 16,781.08 ਕਰੋੜ ਰੁਪਏ ਤੋਂ ਇੱਕ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਅੰਕੜੇ ਪੰਜਾਬ ਦੇ ਮਜ਼ਬੂਤ ਵਿੱਤੀ ਪ੍ਰਬੰਧਨ ਅਤੇ ਇਸ ਦੇ ਕਰ ਲਾਗੂ ਕਰਨ ਦੇ ਤਰੀਕਿਆਂ ਦੀ ਪ੍ਰਭਾਵਸ਼ੀਲਤਾ ਦਾ ਪ੍ਰਮਾਣ ਹਨ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਿੱਤੀ ਅਨੁਸ਼ਾਸਨ ਬਣਾਈ ਰੱਖਣ ਦੇ ਨਾਲ-ਨਾਲ ਇਹ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਕਿ ਆਰਥਿਕ ਵਾਧੇ ਦੇ ਲਾਭ ਪੂਰੇ ਸੂਬੇ ਵਿੱਚ ਜਨਤਕ ਭਲਾਈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤਬਦੀਲ ਕੀਤੇ ਜਾ ਰਹੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।