ਨਵੀਂ ਦਿੱਲੀ, 1 ਸਤੰਬਰ, ਦੇਸ਼ ਕਲਿੱਕ ਬਿਓਰੋ :
ਦੇਸ਼ ਦੀ ਸਰਵ ਉਚ ਅਦਾਲਤ ਸੁਪਰੀਮ ਕੋਰਟ ਅਧਿਆਪਕਾਂ ਦੇ ਲਈ ਵੱਡਾ ਫੈਸਲਾ ਸੁਣਾਇਆ ਗਿਆ ਹੈ। ਸੁਪਰੀਮ ਕੋਰਟ ਵੱਲੋਂ ਅਧਿਆਪਕਾਂ ਦੀ ਭਰਤੀ ਅਤੇ ਤਰੱਕੀ ਨੂੰ ਲੈ ਕੇ ਅਹਿਮ ਫੈਸਲਾ ਦਿੱਤਾ। ਅਧਿਆਪਕਾਂ ਦੇ ਲਈ ਅਧਿਆਪਕ ਯੋਗਤਾ ਟੈਸਟ (TET) ਪਾਸ ਕਰਨਾ ਜ਼ਰੂਰੀ ਹੋਵੇਗੀ। ਇਹ ਟੈਸਟ ਪਾਸ ਕਰਨ ਤੋਂ ਬਾਅਦ ਹੀ ਉਹ ਅਧਿਆਪਕ ਬਣੇ ਰਹਿਣਗੇ ਜਾਂ ਪ੍ਰਮੋਸ਼ਨ ਲੈ ਸਕਣਗੇ।
ਬਾਰ ਐਂਡ ਬਾਰ ਦੀ ਖ਼ਬਰ ਮੁਤਾਬਕ ਅਦਾਲਤ ਨੇ ਸੋਮਵਾਰ ਨੂੰ ਫੈਸਲਾ ਸੁਣਾਇਆ ਕਿ ਸੇਵਾ ਵਿੱਚ ਬਣੇ ਰਹਿਣ ਲਈ ਟੈਟ ਪਾਸ ਕਰਨਾ ਜ਼ਰੂਰੀ ਹੈ।
ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਆਂਗਸਟੀਨ ਜਾਰਜ ਮਸਹੀ ਦੇ ਬੈਂਚ ਨੇ ਉਨ੍ਹਾਂ ਅਧਿਆਪਕਾਂ ਨੂੰ ਰਾਹਤ ਦਿੱਤੀ ਹੈ ਜਿੰਨਾਂ ਦੀ ਸੇਵਾ ਮੁਕਤੀ ਉਮਰ ਕੇਵਲ ਪੰਜ ਸਾਲ ਬਾਕੀ ਹਨ ਅਤੇ ਨਿਰਦੇਸ਼ ਦਿੱਤੇ ਹਨ ਕਿ ਉਹ ਸੇਵਾ ਵਿੱਚ ਬਣੇ ਰਹਿ ਸਕਦੇ ਹਨ।
ਅਦਾਲਤ ਨੇ ਕਿਹਾ ਕਿ ਜਿੰਨਾਂ ਅਧਿਆਪਕਾਂ ਦੀ ਸੇਵਾ ਪੰਜ ਸਾਲ ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਆਪਣੀ ਸਰਵਿਸ ਜਾਰੀ ਰੱਖਣ ਲਈ ਟੈਟ (TET) ਕਰਨਾ ਜ਼ਰੂਰੀ ਹੈ। ਨਹੀਂ, ਉਹ ਸੇਵਾ ਛੱਡ ਸਕਦੇ ਹਨ ਜਾਂ ਸੇਵਾ ਮੁਕਤੀ ਲਾਭਾਂ ਨਾਲ ਸੇਵਾ ਮੁਕਤੀ ਲਈ ਬਿਨੈ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਹ ਪ੍ਰਸ਼ਨ ਕਿ ਕੀ ਸੂਬਾ ਘੱਟ ਗਿਣਤੀ ਸੰਸਥਾਵਾਂ ਲਈ ਟੀਈਟੀ ਜ਼ਰੂਰੀ ਕਰ ਸਕਦਾ ਹੈ ਤਾਂ ਇਹ ਉਨ੍ਹਾਂ ਦੇ ਅਧਿਕਾਰਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇਕ ਵੱਡੇ ਬੈਂਚ ਨੂੰ ਭੇਜਿਆ ਸੀ।
ਅਦਾਲਤ ਨੇ ਤਾਮਿਲਨਾਡੂ ਅਤੇ ਮਹਾਰਾਸ਼ਟਰ ਸਮੇਤ ਕਈ ਪਟੀਸ਼ਨਾਂ ਉਤੇ ਇਹ ਫੈਸਲਾ ਸੁਣਾਇਆ, ਜੋ ਇਸ ਮੁੱਦੇ ਨਾਲ ਸਬੰਧਤ ਸਨ ਕਿ ਕੀ ਅਧਿਆਪਕ ਸੇਵਾ ਲਈ TET ਜ਼ਰੂਰੀ ਹੈ। ਰਾਸ਼ਟਰੀ ਅਧਿਆਪਕ ਸਿੱਖਿਆ ਪਰਿਸ਼ਦ (ਐਨਸੀਟੀਈ) ਨੇ 2010 ਵਿੱਚ ਕਿਸੇ ਸਕੂਲ ਵਿੱਚ ਕਲਾਸ 1 ਤੋਂ 8 ਤੱਕ ਅਧਿਆਪਕ ਦੇ ਰੂਪ ਵਿੱਚ ਨਿਯੁਕਤੀ ਲਈ ਯੋਗ ਵਿਅਕਤੀ ਲਈ ਕੁਝ ਘੱਟੋ ਘੱਟ ਯੋਗਤਾਵਾਂ ਨਿਰਧਾਰਤ ਕੀਤੀਆਂ ਸਨ। ਇਸ ਤੋਂ ਬਾਅਦ ਐਨਸੀਟੀਈ ਨੇ ਟੀਈਟੀ ਦੀ ਸ਼ੁਰੂਆਤ ਕੀਤੀ ਸੀ।