ਮਰੀਜ਼ ਬਲਵਿੰਦਰ ਸਿੰਘ ਨੂੰ ਐਮਬੂਲੈਂਸ ਰਾਹੀ ਤੁਰੰਤ ਸਰਕਾਰੀ ਹਸਪਤਾਲ ਵਿਚ ਕਰਵਾਇਆ ਦਾਖਲ, ਇਲਾਜ ਅਤੇ ਹੋਰ ਸਹੂਲਤਾ ਮੁਹੱਇਆ ਕਰਵਾਉਣ ਦੇ ਦਿੱਤੇ ਨਿਰਦੇਸ਼
ਪੰਜਾਬ ਸਰਕਾਰ ਹਰ ਲੋੜਵੰਦ ਦੀ ਮੱਦਦ ਲਈ ਹਰ ਸਮੇਂ ਤਿਆਰ ਲੋਕਾਂ ਦੇ ਜਾਨ ਮਾਲ ਤੇ ਪਸ਼ੂ ਧੰਨ ਨੂੰ ਸੁਰੱਖਿਅਤ ਰੱਖਣ ਵਿਚ ਪ੍ਰਸਾਸ਼ਨ ਹਰ ਸਮੇਂ ਤਿਆਰ
ਨੰਗਲ, 03 ਸਤੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੰਗਲ ਵਿੱਚ ਬੇਲਿਆ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ। ਸ.ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਕੁਦਰਤੀ ਆਫਤ ਦੀ ਘੜ੍ਹੀ ਵਿੱਚ ਲੋਕਾਂ ਨਾਲ ਖੜ੍ਹੀ ਹੈ ਉਹ ਖੁੱਦ ਦਰਜਨਾਂ ਪਿੰਡਾਂ ਦਾ ਰੋਜ਼ਾਨਾ ਦੌਰਾ ਕਰਕੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਰਾਹਤ ਕੈਂਪ ਦੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਹਰ ਨਾਗਰਿਕ ਅਤੇ ਪਸ਼ੂ ਧੰਨ ਦੀ ਸਮੱਸਿਆ ਸਾਡੀ ਜਿੰਮੇਵਾਰੀ ਹੈ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਾਂ, ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਾਂ ਕਿ ਸਾਨੂੰ ਰਾਹਤ ਪ੍ਰਦਾਨ ਕਰੋ ਅਤੇ ਜਨ ਜੀਵਨ ਨੂੰ ਲੀਹ ਤੇ ਲਿਆਓ। ਇਸ ਦੌਰੇ ਦੌਰਾਨ ਪਿੰਡ ਵਾਸੀਆਂ ਦਾ ਹਾਲ ਚਾਲ ਜਾਣਿਆ ਅਤੇ ਜਿਹੜੇ ਕੰਮ ਕਰਨੇ ਬਾਕੀ ਸਨ ਸਬੰਧਿਤ ਅਧਿਕਾਰੀਆਂ ਨੂੰ ਜਲਦੀ ਕਾਰਵਾਈ ਕਰਨ ਲਈ ਹਦਾਇਤਾਂ ਦਿੱਤੀਆਂ।
ਇਸੇ ਦੌਰਾਨ ਪਿੰਡ ਸਿੰਘਪੁਰ ਪਲਾਸੀ ਵਿੱਚ ਬਲਵਿੰਦਰ ਸਿੰਘ ਨੇ ਮੰਤਰੀ ਬੈਂਸ ਅੱਗੇ ਆਪਣੀ ਤਕਲੀਫ਼ ਦੱਸੀ ਅਤੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਰੀਰਕ ਤੌਰ ਤੇ ਤਕਲੀਫ ਵਿੱਚ ਹੈ ਅਤੇ ਬਹੁਤ ਪ੍ਰੇਸ਼ਾਨੀ ਵਿੱਚ ਜੀ ਰਿਹਾ ਹੈ। ਪਿੰਡ ਵਿੱਚ ਹੜ੍ਹਾਂ ਵਰਗੇ ਹਾਲਾਤ ਹਨ, ਉਸ ਨੂੰ ਇਲਾਜ ਨੂੰ ਜਰੂਰਤ ਹੈ ਅਤੇ ਕਿਸੇ ਹਸਪਤਾਲ ਵਿਚ ਦਾਖਲ ਕਰਵਾਇਆ ਜਾਵੇ, ਜਿਸ ਉਪਰੰਤ ਮਨੁੱਖਤਾ ਭਰੀ ਪੇਸ਼ਕਦਮੀ ਕਰਦਿਆਂ ਮੰਤਰੀ ਜੀ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ ਅਤੇ ਉਸ ਵਿਅਕਤੀ ਨੂੰ ਸਰਕਾਰੀ ਵਾਹਨ ਰਾਹੀਂ ਸਰਕਾਰੀ ਹਸਪਤਾਲ ਨੰਗਲ ਪਹੁੰਚਾਇਆ ਗਿਆ।
ਇਸ ਦੌਰਾਨ ਮੌਜੂਦ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਦੀ ਤੁਰੰਤ ਕਾਰਵਾਈ ਅਤੇ ਲੋਕਾਂ ਪ੍ਰਤੀ ਸੰਵੇਦਨਸ਼ੀਲ ਸੁਭਾਅ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਹਰਜੋਤ ਸਿੰਘ ਬੈਂਸ ਹਮੇਸ਼ਾ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਂਦੇ ਹਨ ਅਤੇ ਜਨਤਾ ਨਾਲ ਸਿੱਧਾ ਸੰਪਰਕ ਬਣਾਈ ਰੱਖਦੇ ਹਨ।
ਮੰਤਰੀ ਬੈਂਸ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣ ਰਹੀ ਹੈ ਅਤੇ ਕਿਸੇ ਨੂੰ ਵੀ ਤਕਲੀਫ਼ ਵਿੱਚ ਇਕੱਲੇ ਨਹੀਂ ਛੱਡਿਆ ਜਾਵੇਗਾ।