ਚੰਡੀਗੜ੍ਹ, 3 ਸਤੰਬਰ, ਦੇਸ਼ ਕਲਿੱਕ ਬਿਓਰੋ :
ਬੀਤੇ ਰਾਤ ਭਰ ਚੰਡੀਗੜ੍ਹ ਤੇ ਆਸਪਾਸ ਦੇ ਖੇਤਰ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਸੁਖਨਾ ਝੀਲ ਦੇ ਪਾਣੀ ਦਾ ਪੱਧਰ 1162.90 ਫੁੱਟ ਦੇ ਨੇੜੇ ਪਹੁੰਚ ਗਿਆ। ਪਾਣੀ ਪੱਧਰ ਵੱਧਣ ਤੋਂ ਬਾਅਦ ਅੱਜ ਸਵੇਰੇ 7 ਵਜੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ।
ਖਰਾਬ ਮੌਸਮ ਦੀ ਭਵਿੱਖਬਾਣੀ ਦੇ ਚਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ 3 ਸਤੰਬਰ ਨੂੰ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੀ ਐਡਵਾਇਜਰੀ ਜਾਰੀ ਕਰਦੇ ਹੋਏ ਚੌਕਸ ਕੀਤਾ ਗਿਆ ਹੈ। ਪ੍ਰਸ਼ਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਣੀ ਦੇ ਵਹਾਅ ਸਰੋਤ ਦੇ ਨੇੜੇ ਨਾ ਜਾਣ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਣੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮੀਂਹ ਕਾਰਨ ਸੁਖਨਾ ਚੋਅ, ਪਟਿਆਲਾ ਦੀ ਰਾਓ ਸਮੇਤ ਕਈ ਜਲਧਰਾਵਾਂ ਦਾ ਪਾਣੀ ਉਫਾਨ ਉਤੇ ਹੈ। ਅਜਿਹੇ ਵਿੱਚ ਲੋਕਾਂ ਦਾ ਤੈਰਨੇ, ਨਹਾਉਣ, ਮੱਛੀ ਫੜ੍ਹਨ ਜਾਂ ਹੋਰ ਕਿਸੇ ਉਦੇਸ਼ ਨਾਲ ਇਨ੍ਹਾਂ ਥਾਵਾਂ ਉਤੇ ਜਾਣਾ ਉਨ੍ਹਾਂ ਦੀ ਜਾਨ ਲਈ ਖਤਰਨਾਕ ਹੋ ਸਕਦਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਾਣੀ ਵਾਲੀ ਥਾਵਾਂ ਉਤੇ ਦਾਖਲ ਹੋਣ ਉਤੇ ਸਖਤ ਮਨਾਹੀ ਕੀਤੀ ਗਈ ਹੈ। ਇਹ ਹੁਕਮ 31 ਅਕਤੂਬਰ 2025 ਤੱਕ ਲਾਗੂ ਰਹਿਣਗੇ। ਹੁਕਮ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।