ਰਾਹਤ ਸ਼ਿਵਰ ਦੀ ਤਰਾਂ ਕਾਰਜਸ਼ੀਲ ਹੋਈ ਕੈਬਨਿਟ ਮੰਤਰੀ ਦੀ ਰਿਹਾਇਸ਼
ਸਹਿਯੋਗੀ/ਦਾਨੀ ਸੱਜਣ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੱਗੇ ਮਹਾਂਪੁਰਸ਼ਾ ਨਾਲ ਸੰਪਰਕ ਕਰਨ- ਬੈਂਸ
ਪ੍ਰਸਾਸ਼ਨ ਵੱਲੋਂ ਕੀਤੇ ਪੁਖਤਾ ਪ੍ਰਬੰਧ, ਅਫਵਾਹਾ ਤੇ ਭਰੋਸਾ ਨਾ ਕਰਨ ਲੋਕ
ਨੰਗਲ, 04 ਸਤੰਬਰ, ਦੇਸ਼ ਕਲਿੱਕ ਬਿਓਰੋ :
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਕਿਹਾ ਹੈ ਕਿ ਨੰਗਲ ਦਾ ਸੇਵਾ ਸਦਨ ਅਤੇ ਗੰਭੀਰਪੁਰ ਦੀ ਰਿਹਾਇਸ਼ ਵਿੱਚ 24/7 ਹੈਲਪ ਡੈਸਕ ਸਥਾਪਿਤ ਕੀਤੇ ਹੋਏ ਹਨ, ਜਿੱਥੇ ਹੜ੍ਹਾ ਵਰਗੇ ਹਾਲਾਤਾ ਨਾਲ ਜੂਝ ਰਹੇ ਇਲਾਕਾ ਵਾਸੀ ਲੋੜੀਦੀ ਸਹਾਇਤਾ/ਸਮੱਗਰੀ ਵੀ ਪ੍ਰਾਪਤ ਕਰ ਸਕਦੇ ਹਨ।
ਅੱਜ ਆਪਣੇ ਸੋਸ਼ਲ ਮੀਡੀਆਂ ਤੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੁਝ ਦਾਨੀ ਤੇ ਸਹਿਯੋਗ ਸੱਜਣ ਨਗਦ ਰਾਸ਼ੀ ਜਾਂ ਫੰਡ ਭੇਜਣ ਦੀ ਪੇਸ਼ਕਸ਼ ਕਰ ਰਹੇ ਹਨ। ਸਾਡੀ ਉਨ੍ਹਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਤਰਾਂ ਦੀ ਮਾਇਆ/ਨਗਦ ਰਾਸ਼ੀ ਭੇਜਣੀ ਹੋਵੇ ਤਾਂ ਉਹ ਇਸ ਇਲਾਕੇ ਵਿੱਚ ਭਰਪੂਰ ਸੇਵਾ ਕਰ ਰਹੇ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਬਾਲ ਜੀ ਅਤੇ ਬਾਬਾ ਜੀ ਪੱਸੀਵਾਲ ਵਾਲੇ ਅਤੇ ਹੋਰ ਧਾਰਮਿਕ ਸੰਗਠਨਾਂ, ਸਮਾਜ ਸੇਵੀ ਸੰਸਥਾਵਾਂ ਨਾਲ ਤਾਲਮੇਲ ਕਰਨ। ਉਨ੍ਹਾਂ ਨੇ ਕਿਹਾ ਕਿ ਸਾਡੇ ਪੰਚ, ਸਰਪੰਚ, ਯੂਥ ਕਲੱਬ ਮੈਂਬਰ, ਆਪ ਵਲੰਟੀਅਰ, ਪ੍ਰਸਾਸ਼ਨ ਨਾਲ ਪੂਰਾ ਸਹਿਯੋਗ ਕਰ ਰਹੇ ਹਨ ਦਿਨ ਰਾਤ ਮੇਰੇ ਨਾਲ ਇਹ ਸਾਰੀਆਂ ਟੀਮਾਂ ਪਿੰਡਾਂ ਵਿੱਚ ਜਾ ਰਹੀਆਂ ਹਨ ਅਤੇ ਉਥੋ ਨੀਵੇ ਥਾਵਾ ਤੇ ਰਹਿ ਰਹੇ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਲਿਆ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਰਾਹਤ ਕੈਂਪ ਦਾ ਦੌਰਾ ਕਰਕੇ ਮੈਂ ਖੁੱਦ ਦੇਖਿਆ ਹੈ ਕਿ ਉਥੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਰਸਾਤ ਅਤੇ ਭਾਖੜਾ ਡੈਮ ਦੇ ਕੈਚਮੈਂਟ ਏਰੀਏ ਵਿਚ ਵਰਦੇ ਮੀਂਹ ਕਾਰਨ ਡੈਮ ਦਾ ਪੱਧਰ ਕਾਫੀ ਵੱਧ ਗਿਆ ਹੈ, ਲਗਾਤਾਰ ਵੱਧ ਮਾਤਰਾ ਵਿਚ ਪਾਣੀ ਛੱਡਿਆ ਜਾ ਰਿਹਾ ਹੈ।
ਸ.ਬੈਂਸ ਨੇ ਕਿਹਾ ਕਿ ਲੋਕ ਅਫਵਾਹਾ ਤੇ ਬਿਲਕੁਲ ਵਿਸ਼ਵਾਸ਼ ਨਾ ਕਰਨ, ਪ੍ਰਸਾਸ਼ਨ ਪੂਰੀ ਤਰਾਂ ਚੋਂਕਸ ਹੈ, ਜਿੱਥੇ ਵੀ ਨਹਿਰਾਂ ਜਾਂ ਦਰਿਆ ਦੇ ਕੰਢੇ ਕੰਮਜੋਰ ਹੋਣ ਦੀ ਖਬਰ ਮਿਲ ਰਹੀ ਹੈ, ਤੁਰੰਤ ਅਸੀ ਉਥੇ ਪਹੁੰਚ ਕੇ ਮਜਬੂਤ ਬੰਨ ਬਣਾ ਰਹੇ ਹਾਂ, ਜਿਸ ਨਾਲ ਲੋਕਾਂ ਦੀ ਸੈਂਕੜੇ ਏਕੜ ਫਸਲ ਤੇ ਘਰਾਂ ਤੇ ਜਾਨ ਮਾਲ ਦਾ ਨੁਕਸਾਨ ਹੋਣ ਤੋ ਬਚਾਅ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਜਲਦੀ ਹੀ ਔਖੀ ਘੜੀ ਲੰਘ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਕਸਰ ਹੀ ਲੋਕ ਗਲਤ ਅਫਵਾਹਾ ਦਿੰਦੇ ਹਨ, ਰਾਤ ਨੂੰ ਪਾਣੀ ਛੱਡਣ ਵਰਗੀਆਂ ਅਫਵਾਹਾਂ ਤੇ ਬਿਲਕੁਲ ਭਰੋਸਾ ਨਾ ਕਰੋ, ਅਸੀ ਤੁਹਾਨੂ ਹਰ ਸਥਿਤੀ ਤੋ ਜਾਣੂ ਕਰਵਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰੇ ਦੋਵੇ ਘਰ ਲੋਕਾਂ ਲਈ 24 ਘੰਟੇ ਖੁੱਲੇ ਹਨ ਉਥੇ ਰਾਸ਼ਨ, ਦਵਾਈ, ਖਾਣਾ ਉਪਲੱਬਧ ਹੈ, ਹੈਲਪ ਲਾਈਨ ਨੰਬਰ 87279-62441 ਜਾਰੀ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਅਤੇ ਪੰਚ, ਸਰਪੰਚ ਬਹੁਤ ਸਹਿਯੋਗ ਕਰ ਰਹੇ ਹਨ, ਮੇਰੀ ਉਨ੍ਹਾਂ ਨੂੰ ਅਪੀਲ ਹੈ ਕਿ ਜਦੋਂ ਵੀ ਮੌਸਮ ਸਾਫ ਹੋਵੇ ਅਤੇ ਢੁਕਵਾ ਸਮਾਂ ਹੋਵੇ ਉਸ ਸਮੇਂ ਆਪਣੇ ਟਰੈਕਟਰ, ਟਰਾਲੀਆਂ ਨੂੰ ਤਿਆਰ ਕਰ ਲਵੋ ਅਤੇ ਆਪਣੇ ਘਰਾਂ ਨੇੜੇ ਸੈਂਡਬੈਗ ਤੇ ਹੋਰ ਮਿੱਟੀ ਦੇ ਬੋਰੇ ਭਰ ਕੇ ਰੱਖੋ ਤਾ ਜੋ ਲੋੜ ਪੈਣ ਤੇ ਇਨ੍ਹਾਂ ਦੀ ਕਮੀ ਨਾ ਆਵੇ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜੋ ਔਖੀ ਘੜੀ ਵਿਚ ਸਹਿਯੋਗ ਕਰ ਰਹੇ ਹਨ।